ਭੁਲੱਥ, 26 ਮਈ (ਮੇਹਰ ਚੰਦ ਸਿੱਧੂ)-ਭੁਲੱਥ-ਕਰਤਾਰਪੁਰ ਰੋਡ 'ਤੇ ਸਥਿਤ ਮਹਾਰਾਜਾ ਪੈਲੇਸ ਦੇ ਨਜ਼ਦੀਕ ਇਕ ਪ੍ਰਵਾਸੀ ਵਿਅਕਤੀ ਦੀ ਖ਼ੂਨ ਨਾਲ ਲੱਥ ਪੱਥ ਹੋਈ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ 5 ਵਜੇ ਕਿਸੇ ਰਾਹਗੀਰ ਵਲੋਂ ਫ਼ੋਨ 'ਤੇ ਸੂਚਨਾ ਦਿੱਤੀ ਗਈ ਕਿ ਕਰਤਾਰਪੁਰ ਰੋਡ ਨਜ਼ਦੀਕ ਮਹਾਰਾਜਾ ਪੈਲੇਸ 'ਤੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਖ਼ੂਨ ਨਾਲ ਲੱਥ ਪੱਥ ਹੋਈ ਪਈ ਹੈ, ਜੋ ਦੇਖਣ ਨੂੰ ਪ੍ਰਵਾਸੀ ਲੱਗ ਰਿਹਾ ਹੈ ਤੇ ਕਿਸੇ ਤੇਜ਼ ਗੱਡੀ ਨਾਲ ਟਕਰਾ ਜਾਣ ਕਰਕੇ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ | ਏ.ਐਸ.ਆਈ. ਸ਼ਾਮ ਸਿੰਘ ਵਲੋਂ ਪੁਲਿਸ ਕਰਮਚਾਰੀਆਂ ਸਮੇਤ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਲਾਸ਼ ਖ਼ੂਨ ਨਾਲ ਲੱਥ ਪੱਥ ਹੋਈ ਪਈ ਸੀ, ਜਿਸ ਦੀ ਪਹਿਚਾਣ ਨਹੀਂ ਹੋ ਸਕੀ | ਭੁਲੱਥ ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਕਪੂਰਥਲਾ ਵਿਖੇ ਮੁਰਦਾ ਘਰ ਭੇਜ ਦਿੱਤੀ ਗਈ ਹੈ | ਐਸ.ਐਚ.ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਕੈਮਰਿਆਂ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕੀ ਇਹ ਘਟਨਾ ਕਿਵੇਂ ਵਾਪਰੀ ਹੈ |