ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)-ਪਿੰਡ ਬੇਗਮਪੁਰ 'ਚ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਕਮਲਜੀਤ ਕੌਰ ਪਤਨੀ ਚਰਨਜੀਤ ਬੇਗਮਪੁਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਘਰ 'ਚੋਂ ਵਾਸ਼ਿੰਗ ਮਸ਼ੀਨ, ਫ਼ਰਿਜ, ਐਲ.ਸੀ.ਡੀ, ਦੋ ਸਲੰਡਰ, ਇਨਵਰਟਰ, ਡਰਾਇਰ ਮਸ਼ੀਨ, ਜੂਸਰ ਤੇ ਹੋਰ ਘਰ ਦਾ ਸਾਮਾਨ ਚੋਰੀ ਕੀਤਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸਾਹਿਲ ਪੁੱਤਰ ਅਨਿਲ ਕੁਮਾਰ ਵਾਸੀ ਬੇਗਮਪੁਰ, ਸ਼ਮਸ਼ੇਰ ਸਿੰਘ ਉਰਫ਼ ਮਨੀ ਪੁੱਤਰ ਕੁਲਦੀਪ ਚੰਦ ਵਾਸੀ ਬੇਗਮਪੁਰ ਤੇ ਗੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਬੇਗਮਪੁਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਸਲੰਡਰ, ਇੱਕ ਜੂਸਰ, ਐਲ.ਸੀ.ਡੀ., ਪ੍ਰੈੱਸ, ਡਰਾਇਰ ਮਸ਼ੀਨ, ਇੱਕ ਫ਼ਰਿਜ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ ਜਦਕਿ ਇਸ ਕੇਸ 'ਚ ਉਂਕਾਰ ਉਰਫ਼ ਕਾਰੀ ਪੁੱਤਰ ਤਰਸੇਮ ਵਾਸੀ ਬੇਗਮਪੁਰ, ਗੋਰਾ ਵਾਸੀ ਭਰੋਮਜਾਰਾ ਤੇ ਸੈਣੀ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਇਸੇ ਤਰ੍ਹਾਂ ਸਿਟੀ ਪੁਲਿਸ ਨੇ ਚੋਰੀ ਕੀਤੇ ਏ.ਸੀ. ਦੇ ਕੰਪਰੈਸ਼ਰਾ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਐਸ.ਪੀ. ਨੇ ਦੱਸਿਆ ਕਿ ਅਸ਼ਵਨੀ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਅਸ਼ੋਕ ਬਿਹਾਰ ਤੇ ਅਰਸ਼ਦੀਪ ਦਾਦਰਾ ਪੁੱਤਰ ਸੁਖਵਿੰਦਰ ਰਾਮ ਵਾਸੀ ਮਲਕਪੁਰ ਦੀ ਮੋਬਾਈਲਾਂ ਦੀ ਦੁਕਾਨ ਤੋਂ ਏ.ਸੀ. ਦੇ ਕੰਪਰੈਸ਼ਰ ਚੋਰੀ ਹੋਏ ਸਨ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਰਾਹੁਲ ਕਨੌਜੀਆ ਪੁੱਤਰ ਰਮੇਸ਼ ਕਨੌਜੀਆ ਵਾਸੀ ਗੁਰੂ ਨਾਨਕਪੁਰਾ ਤੇ ਆਸ਼ੂਤੋਸ਼ ਪੁੱਤਰ ਸੁਰੇਸ਼ ਕੁਮਾਰ ਵਾਸੀ ਪਹਿਚਾਣ ਨਗਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਏ.ਸੀ. ਦੇ ਦੋ ਯੂਨਿਟ ਬਰਾਮਦ ਕੀਤੇ ਹਨ |