ਕਪੂਰਥਲਾ, 31 ਮਈ (ਅਮਰਜੀਤ ਕੋਮਲ)-ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਵਿਚਲੇ 20 ਸੇਵਾ ਕੇਂਦਰਾਂ ਦਾ ਕੰਮ ਠੱਪ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਧਰਨਾ ਦੇ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਉਹ ਆਪਣਾ ਧਰਨਾ ਜਾਰੀ ਰੱਖਣਗੇ | ਇਸੇ ਦੌਰਾਨ ਹੀ ਸੇਵਾ ਕੇਂਦਰ ਦੇ ਡੀ.ਐਮ. ਵਲੋਂ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ਸੇਵਾ ਕੇਂਦਰਾਂ ਦੀਆਂ ਚਾਬੀਆਂ ਦੇ ਕੇ ਘਰਾਂ ਨੂੰ ਜਾਣ ਦੀ ਦਿੱਤੀ ਗਈ ਚਿਤਾਵਨੀ ਦਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ ਦੂਲੋਵਾਲ, ਕੁਲਜਿੰਦਰ ਸਿੰਘ ਲੋਟੀਆ ਤੇ ਹੋਰ ਆਗੂਆਂ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਡੀ.ਐਮ. ਵਲੋਂ ਖੁੱਦ ਲੁਕਵੇਂ ਢੰਗ ਨਾਲ ਸੇਵਾ ਕੇਂਦਰ ਅੰਦਰ ਬੈਠ ਕੇ ਕੰਮ ਚਲਾਇਆ ਜਾ ਰਿਹਾ ਹੈ | ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਅੱਜ ਟੀ.ਐੱਸ. ਕੰਪਨੀ ਵਲੋਂ ਇਕ ਮੇਲ ਕਰਕੇ ਮੁਲਾਜ਼ਮਾਂ ਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਦੇ ਸੂਬਾਈ ਸਕੱਤਰ ਨਰਿੰਦਰ ਸਿੰਘ ਚੀਮਾ, ਮੁਲਾਜ਼ਮ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਸੰਗਤ ਰਾਮ ਬਾਗੀ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਗੁਰਦੀਪ ਸਿੰਘ ਭੰਡਾਲ, ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਧਾਨ ਨਛੱਤਰ ਸਿੰਘ ਬਾਈ, ਭਾਰਤੀ ਕਿਸਾਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਸੰਘਰਸ਼ ਵਿਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸਮੂਹ ਭਰਾਤਰੀ ਜਥੇਬੰਦੀਆਂ ਸੰਘਰਸ਼ ਤੇਜ਼ ਕਰਨਗੀਆਂ ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਰਮਨਦੀਪ ਕੌਰ ਦੂਲੋਵਾਲ ਨੇ ਦੱਸਿਆ ਕਿ ਟੈਰਾਸਿਸ ਸੀਟੀਅਨ ਸਰਵਿਸ ਕੰਪਨੀ ਪਿਛਲੇ 10 ਵਰਿ੍ਹਆਂ ਤੋਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਲਗਭਗ 10 ਹਜ਼ਾਰ ਰੁਪਏ ਤਨਖ਼ਾਹ ਦੇ ਰਹੀ ਹੈ ਤੇ ਉਨ੍ਹਾਂ ਦੇ ਵਾਰ-ਵਾਰ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ | ਦੱਸਿਆ ਜਾਂਦਾ ਹੈ ਕਿ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਦੇਖਦਿਆਂ ਅੱਜ ਕੰਪਨੀ ਦੇ ਐਚ.ਆਰ. ਅਕਾਸ਼ਦੀਪ ਸਿੰਘ ਜੱਸਲ ਵਲੋਂ ਧਰਨੇ ਦੀ ਅਗਵਾਈ ਕਰ ਰਹੇ ਮੁਲਾਜ਼ਮਾਂ ਨੂੰ ਇਕ ਮੇਲ ਜਰੀਏ ਉਨ੍ਹਾਂ ਦਾ ਕੰਟਰੈਕਟਰ ਰੱਦ ਕਰਨ ਦੀ ਜਾਣਕਾਰੀ ਦਿੱਤੀ ਤੇ ਨਵੇਂ ਮੁਲਾਜ਼ਮ ਰੱਖਣ ਲਈ ਰੋਜ਼ਗਾਰ ਦਫ਼ਤਰ ਨੂੰ ਪੱਤਰ ਜਾਰੀ ਕਰਕੇ ਪ੍ਰਤੀ ਮੁਲਾਜ਼ਮ 15 ਹਜ਼ਾਰ ਰੁਪਏ ਤਨਖ਼ਾਹ ਦੇਣ ਦੀ ਗੱਲ ਵੀ ਕਹੀ | ਧਰਨੇ ਤੋਂ ਬਾਅਦ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੂੰ ਇਕ ਮੰਗ ਪੱਤਰ ਦਿੱਤਾ | ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਤੁਰੰਤ ਪ੍ਰਭਾਵ ਸਾਰਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਇਸ ਮਾਮਲੇ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਯੂਨੀਅਨ ਆਗੂ ਪਰਮਿੰਦਰ ਸਿੰਘ, ਜਤਿੰਦਰ ਸਿੰਘ, ਅਜੇ ਗਿੱਲ, ਅਮਨ, ਵਰਿੰਦਰ ਸਿੰਘ, ਮਨਿੰਦਰ ਸਿੰਘ, ਮੁਕੰਬਲ ਸਿੰਘ, ਅਰਮਾਨ ਸਿੰਘ, ਗੁਲਸ਼ਨ ਕੁਮਾਰ, ਅਕਸੇ ਕੁਮਾਰ ਰਾਣਾ, ਹਰਪਾਲ ਸਿੰਘ, ਰੂਬੀ, ਹਰਪ੍ਰੀਤ ਕੌਰ, ਸੋਨੀਆ, ਅਨੁਪਮਾ ਅਟਵਾਲ, ਹਰਪ੍ਰੀਤ ਕੌਰ, ਪੂਜਾ, ਰਜਨੀ, ਸ਼ਰਨਜੀਤ ਕੌਰ, ਸਿਮਰਨਜੀਤ ਕੌਰ, ਰਣਜੀਤ ਸਿੰਘ, ਗੁਰਮੀਤ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ |