ਕਪੂਰਥਲਾ, 31 ਮਈ (ਸਡਾਨਾ)-ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੀਤੀ ਰਾਤ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਅਜੀਤ ਨਗਰ ਵਿਖੇ ਇਕ ਝੜਪ ਦਾ ਮਾਮਲਾ ਸਾਹਮਣੇ ਆਇਆ, ਜਿਸ ਉਪਰੰਤ ਸੂਚਨਾ ਮਿਲਦੇ ਹੀ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਥੀ ਨਵਨਿਯੁਕਤ ਕੌਂਸਲਰਾਂ ਦੇ ਨਾਲ ਮੌਕੇ 'ਤੇ ਪਹੁੰਚੇ | ਇਸ ਮੌਕੇ ਕਾਂਗਰਸੀ ਵਿਧਾਇਕ ਨੇ ਵਿਦੇਸ਼ ਤੋਂ ਆਏ ਸ਼ੇਰਾ ਨਾਮੀ ਇਕ ਵਿਅਕਤੀ ਦੀ ਕਥਿਤ ਸ਼ਹਿ 'ਤੇ ਇਕ ਨੌਜਵਾਨ ਤੇ ਇਕ ਬਜ਼ੁਰਗ ਨਾਲ ਮਾਰਕੁੱਟ ਕਰਨ ਦੇ ਦੋਸ਼ ਲਗਾਏ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਸਬੰਧਿਤ ਹਮਲਾਵਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ | ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਲਬੀਰ ਸਿੰਘ ਬੀਰਾ ਚੋਣ ਜਿੱਤਿਆ ਹੈ ਤੇ ਚੋਣ ਵਿਚ ਮਨਜੀਤ ਸਿੰਘ ਨੇ ਬਲਬੀਰ ਸਿੰਘ ਦੀ ਮਦਦ ਕੀਤੀ, ਜਿਸ ਦੇ ਚੱਲਦਿਆਂ ਇਕ ਪ੍ਰਵਾਸੀ ਭਾਰਤੀ ਸ਼ੇਰਾ ਨਾਮੀ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਕੁੱਝ ਵਿਅਕਤੀਆਂ ਨੂੰ ਭੇਜ ਕੇ ਮਨਜੀਤ ਸਿੰਘ ਤੇ ਉਸ ਦੇ ਸਹਿਯੋਗੀ ਅੰਕੁਸ਼ ਸ਼ਰਮਾ ਦੀ ਕਥਿਤ ਮਾਰਕੁੱਟ ਕਰਵਾਈ ਤੇ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਧਮਕਾਇਆ | ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ ਤੇ ਕੁੱਝ ਦੇਰ ਬਾਅਦ ਇਕ ਨੌਜਵਾਨ ਦੁਕਾਨ ਅੰਦਰ ਕੈਮਰੇ ਦੀ ਫੁਟੇਜ ਡਿਲੀਟ ਕਰਨ ਲਈ ਆਇਆ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਉਹ ਗੁੰਡਾਗਰਦੀ ਨਹੀਂ ਹੋਣ ਦੇਣਗੇ | ਪੁਲਿਸ ਸੂਤਰਾਂ ਅਨੁਸਾਰ ਦੋਵਾਂ ਧਿਰਾਂ ਵਿਚ ਕੁੱਝ ਸਮੇਂ ਤੋਂ ਪਰਿਵਾਰਕ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਇਹ ਲੜਾਈ ਦਾ ਮਾਹੌਲ ਬਣਿਆ | ਰਾਣਾ ਗੁਰਜੀਤ ਸਿੰਘ ਨੇ ਪੁਲਿਸ ਪਾਸੋਂ ਲੋੜੀਂਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਡੀ.ਵੀ.ਆਰ. ਨੂੰ ਵੀ ਕਬਜੇ ਵਿਚ ਲੈ ਕੇ ਤਫ਼ਤੀਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਵੀ ਸ਼ਿਕਾਇਤਕਰਤਾ ਸਾਹਮਣੇ ਨਹੀਂ ਆਇਆ | ਇਸ ਸਬੰਧੀ ਜਦੋਂ ਦੂਸਰੀ ਧਿਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਪੀੜਤ ਧਿਰ ਨੂੰ ਇਨਸਾਫ਼ ਨਾ ਮਿਲਿਆ ਤਾਂ ਪੁਲਿਸ ਨੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਾਬੂ ਨਾ ਕੀਤਾ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦੇ ਹੋਏ ਐਸ.ਐਸ.ਪੀ. ਦਫ਼ਤਰ ਅਤੇ ਥਾਣੇ ਦੇ ਮੂਹਰੇ ਧਰਨਾ ਦੇਣ ਲਈ ਮਜਬੂਰ ਹੋਣਗੇ |