ਢਿਲਵਾਂ, 1 ਜੂਨ (ਗੋਬਿੰਦ ਸੁਖੀਜਾ)-ਆਮ ਆਦਮੀ ਪਾਰਟੀ ਹਲਕਾ ਭੁਲੱਥ ਦੇ ਸੀਨੀਅਰ ਆਗੂ ਸੂਬਾ ਸੰਯੁਕਤ ਸਕੱਤਰ ਬੁੱਧੀ ਜੀਵੀ ਵਿੰਗ ਤੇ ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਲੋਕ ਭਲਾਈ ਯੋਜਨਾ 'ਮੇਰੀ ਰਸੋਈ' ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਤੱਕ ਸਰਕਾਰੀ ਸਹੂਲਤਾਂ ਅਤੇ ਮਦਦ ਪਹੁੰਚਾਉਣ ਲਈ ਪੂਰੀ ਵਚਨਬੱਧਤਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਸਰਕਾਰ ਦਾ ਮਕਸਦ ਸਿਰਫ਼ ਯੋਜਨਾਵਾਂ ਦਾ ਐਲਾਨ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਲੋਕਾਂ ਨੂੰ ਅਸਲ ਲਾਭ ਪਹੁੰਚਾਉਣਾ ਹੈ | ਉਨ੍ਹਾਂ ਦੱਸਿਆ ਕਿ 'ਮੇਰੀ ਰਸੋਈ' ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਉਹ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣ | ਉਨ੍ਹਾਂ ਕਿਹਾ ਕਿ ਯੋਜਨਾ ਦੇ ਹਰੇਕ ਲਾਭਪਾਤਰੀ ਪਰਿਵਾਰ ਨੂੰ ਹਰ ਤਿੰਨ ਮਹੀਨਿਆਂ ਵਿਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਰਾਸ਼ਨ ਕਿੱਟ ਦਿੱਤੀ ਜਾ ਰਹੀ ਹੈ, ਜਿਸ ਵਿਚ 2 ਕਿੱਲੋ ਛੋਲਿਆਂ ਦੀ ਦਾਲ, 2 ਕਿੱਲੋ ਖੰਡ, 1 ਕਿੱਲੋ ਲੂਣ, 1 ਲੀਟਰ ਸਰੋਂ੍ਹ ਦਾ ਤੇਲ ਅਤੇ 200 ਗ੍ਰਾਮ ਹਲਦੀ ਸ਼ਾਮਲ ਹੈ |