ਸੁਲਤਾਨਪੁਰ ਲੋਧੀ, 1 ਜੂਨ (ਨਰੇਸ਼ ਹੈਪੀ)-ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ 49 ਵੀਂ ਸਾਲਾਨਾ ਬੱਸ ਯਾਤਰਾ ਦੀਆਂ ਤਿਆਰੀਆਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਯਾਤਰਾ ਕਮੇਟੀ ਦੇ ਸਰਪ੍ਰਸਤ ਲਾਲਾ ਦੌਲਤ ਰਾਮ ਛੁਰਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸਾਲਾਨਾ ਯਾਤਰਾ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਬਾਲਕ ਨਾਥ ਯਾਤਰਾ ਕਮੇਟੀ ਦੇ ਪ੍ਰਮੁੱਖ ਮਿੰਟਾ ਧੀਰ ਨੇ ਦੱਸਿਆ ਕਿ 5 ਜੂਨ ਤੋਂ 8 ਜੂਨ ਤੱਕ ਜਾਣ ਵਾਲੀ ਯਾਤਰਾ ਲਈ ਪਹਿਲੀ ਵਾਰ ਸੰਗਤਾਂ ਦੀ ਮੰਗ 'ਤੇ ਪੈ ਰਹੀ ਭਿਆਨਕ ਗਰਮੀ ਨੂੰ ਦੇਖਦਿਆਂ ਏਅਰ ਕੰਡੀਸ਼ਨ ਵੋਲਵੋ ਬੱਸ 5 ਜੂਨ ਨੂੰ ਸਿੱਧ ਬਾਬਾ ਬਾਲਕ ਨਾਥ ਮੰਦਰ ਸ਼ਤਾਬਗੜ੍ਹ ਰੋਡ, ਸੁਲਤਾਨਪੁਰ ਲੋਧੀ ਤੋਂ ਸਵੇਰੇ 7 ਵਜੇ ਚੱਲੇਗੀ ਜਿਸ ਨੂੰ ਰਵਾਨਾ ਕਰਨ ਦੀ ਰਸਮ ਮੰਦਰ ਕਮੇਟੀ ਦੇ ਪ੍ਰਮੁੱਖ ਸਮਾਜ ਸੇਵੀ ਲਾਲਾ ਦੌਲਤ ਰਾਮ ਛੁਰਾ ਨਿਭਾਉਣਗੇ | ਰਵਾਨਗੀ ਤੋਂ ਪਹਿਲਾਂ ਮੰਦਰ ਵਿਖੇ ਧਾਰਮਿਕ ਸਮਾਗਮ ਵੀ ਹੋਵੇਗਾ ਜਿਸ ਦੌਰਾਨ ਮਹਿਲਾ ਸੰਕੀਰਤਨ ਮੰਡਲੀ ਤੇ ਬਾਬਾ ਜੀ ਦੇ ਭਗਤ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਮੰਦਰ ਕਮੇਟੀ ਦੇ ਡਾਇਰੈਕਟਰ ਹੈਪੀ ਛੁਰਾ ਤੇ ਸੋਨੂੰ ਛੁਰਾ ਵੱਲੋਂ ਬਾਬਾ ਜੀ ਦੇ ਭਗਤਾਂ ਲਈ ਸਵੇਰੇ ਨਾਸ਼ਤੇ ਦਾ ਲੰਗਰ ਲਗਾਇਆ ਜਾਵੇਗਾ | ਯਾਤਰਾ ਦੌਰਾਨ ਐਤਵਾਰ ਨੂੰ ਬਾਬਾ ਜੀ ਦੀ ਗੁਫਾ ਦਿਓਟ ਸਿੱਧ ਹਿਮਾਚਲ ਪ੍ਰਦੇਸ਼ ਵਿਖੇ ਝੰਡਾ ਤੇ ਰੋਟ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ | ਭਗਤਾਂ ਲਈ ਮੁਫ਼ਤ ਲੰਗਰ ਤੇ ਰਿਹਾਇਸ਼ ਦੀ ਵਿਵਸਥਾ ਵੀ ਯਾਤਰਾ ਕਮੇਟੀ ਵੱਲੋਂ ਕੀਤੀ ਗਈ ਹੈ | ਸੋਮਵਾਰ ਨੂੰ ਵਾਪਸੀ ਸਮੇਂ ਭਗਤਾਂ ਨੂੰ ਸ਼ਾਹਤਲਾਈ ਵਿਖੇ ਬਾਬਾ ਜੀ ਦੇ ਪ੍ਰਾਚੀਨ ਮੰਦਰ ਤੇ ਗਰੁਨਾ ਝਾੜੀ ਦੇ ਵੀ ਦਰਸ਼ਨ ਕਰਵਾਏ ਜਾਣਗੇ | ਭਗਤਾਂ ਨੂੰ ਵਾਪਸੀ ਸਮੇਂ ਤੇ ਪੀਰ ਨਿਗਾਹੇ ਦੇ ਦਰਸ਼ਨ ਕਰਵਾ ਕੇ ਯਾਤਰਾ ਵਾਪਸ ਪਾਵਨ ਨਗਰੀ ਪਹੁੰਚੇਗੀ | ਉਨ੍ਹਾਂ ਸਾਰੇ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਯਾਤਰਾ ਬੱਸ ਵਿਖੇ ਪਹੁੰਚਣ ਤਾਂ ਜੋ ਯਾਤਰਾ ਬੱਸ ਨੂੰ ਠੀਕ ਸਮੇਂ ਰਵਾਨਾ ਕੀਤਾ ਜਾਵੇ | ਇਸ ਮੌਕੇ ਲਾਲਾ ਦੌਲਤ ਰਾਮ ਛੁਰਾ, ਹੈਪੀ ਛੁਰਾ, ਸੋਨੂੰ ਛੁਰਾ, ਤੁਸ਼ਾਰ ਛੁਰਾ, ਦੀਪਕ ਧੀਰ, ਜੀਵਨ, ਬੰਟੀ ਆਦਿ ਵੀ ਹਾਜ਼ਰ ਸਨ |