ਤਲਵੰਡੀ ਚੌਧਰੀਆਂ, 11 ਜੂਨ (ਪਰਸਨ ਲਾਲ ਭੋਲਾ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਸਮੂਹ ਦਾਣਾ ਮੰਡੀਆਂ ਵਿਚ ਮੱਕੀ ਦੀ ਫ਼ਸਲ ਦੀ ਵੱਡੇ ਪੱਧਰ 'ਤੇ ਆਮਦ ਹੋ ਰਹੀ ਹੈ ਅੱਜ ਸਾਡੇ ਪੱਤਰਕਾਰ ਨੇ ਟਿੱਬਾ, ਪਰਮਜੀਤਪੁਰ, ਤਲਵੰਡੀ ਚੌਧਰੀਆਂ, ਫੱਤੂਢੀਂਗਾ ਆਦਿ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਮੌਕੇ ਤੇ ਦੇਖਿਆ ਗਿਆ ਕਿ ਮੰਡੀਆਂ ਵਿਚ ਕਿਸਾਨ ਵੱਡੇ ਪੱਧਰ 'ਤੇ ਮੱਕੀ ਦੀ ਫ਼ਸਲ ਲਿਆ ਰਹੇ ਹਨ | ਆੜ੍ਹਤੀਏ ਬਲਵਿੰਦਰ ਸਿੰਘ ਨੰਡਾ, ਸੁਖਵਿੰਦਰ ਸਿੰਘ, ਡਾਕਟਰ ਸਾਹਿਬ ਸਿੰਘ, ਪ੍ਰਮੋਦ ਕੁਮਾਰ, ਰਕੇਸ਼ ਕੁਮਾਰ ਰੌਕੀ, ਨਰੇਸ਼ ਗਾਂਧੀ, ਸੁਰਿੰਦਰ ਸਿੰਘ, ਕਮਲ ਗੁਪਤਾ ਆਦਿ ਨੇ ਦੱਸਿਆ ਕਿ ਮੱਕੀ ਦੀ ਕੁਆਲਿਟੀ ਨਹੀਂ ਆ ਰਹੀ ਜਿਸ ਕਰਕੇ ਭਾਅ ਲਾਉਣ ਵਿਚ ਵਪਾਰੀ ਕੰਜੂਸੀ ਕਰਦਾ ਹੈ | ਸੁੱਕੀ ਮੱਕੀ ਤੇ ਕੁਆਲਿਟੀ ਦੇ ਭਾਅ ਬਾਰੇ ਆੜ੍ਹਤੀਆਂ ਕਿਹਾ ਕਿ ਸੁੱਕੀ ਮੱਕੀ ਤੇ ਕੁਆਲਿਟੀ ਦੀ 1950-1900 ਰੁਪਏ ਵਿਚ ਵਪਾਰੀ ਖ਼ਰੀਦ ਕਰਦਾ ਹੈ | ਗਿੱਲੀ ਮੱਕੀ 1100-1250 ਤੱਕ ਖ਼ਰੀਦ ਕੀਤੀ ਜਾਂਦੀ ਹੈ | ਆੜ੍ਹਤੀਆਂ ਨੇ ਦੱਸਿਆ ਕਿ ਮਜ਼ਦੂਰਾਂ ਦੀ ਵੱਡੀ ਘਾਟ ਹੈ ਜਿਸ ਕਰਕੇ ਕਾਫ਼ੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ | ਇਸ ਦੇ ਕਾਰਨ ਬਾਰੇ ਆੜ੍ਹਤੀਆਂ ਨੇ ਦੱਸਿਆ ਕਿ ਫ਼ਸਲ ਪਹਿਲਾਂ ਆ ਗਈ ਹੈ ਅਤੇ ਝੋਨੇ ਦੀ ਲਵਾਈ ਵੀ ਸ਼ੁਰੂ ਹੋ ਗਈ ਹੈ | ਕੁੱਝ ਦਿਨਾਂ ਤੱਕ ਇਹ ਘਾਟ ਪੂਰੀ ਹੋ ਜਾਵੇਗੀ ਕਿਉਂਕਿ ਪ੍ਰਵਾਸੀ ਮਜ਼ਦੂਰ ਆ ਰਹੇ ਹਨ | ਮੱਕੀ ਦੀ ਖ਼ਰੀਦ ਗੋਦਰੇਜ ਕੰਪਨੀ ਅਤੇ ਹੋਰ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਹਨ | ਜਦੋਂ ਕਿਸਾਨਾਂ ਨੂੰ ਮੱਕੀ ਦੇ ਝਾੜ ਸਬੰਧੀ ਪੁੱਛਿਆ ਤਾਂ ਕਿਸਾਨ ਸਤਨਾਮ ਸਿੰਘ ਚੰਦੀ, ਸੁਖਵਿੰਦਰ ਸਿੰਘ ਕੌੜਾ, ਹਰਜੀਤ ਸਿੰਘ ਰਾਣਾ ,ਮਨਜੀਤ ਸਿੰਘ ਲਾਲੀ , ਜਸਵਿੰਦਰ ਸਿੰਘ ਸੋਨੰੂ, ਦਰਸ਼ਨ ਸਿੰਘ ਸੰਧੂ ਆਦਿ ਨੇ ਦੱਸਿਆ ਕਿ 55 ਤੋਂ 60 ਕੁਇੰਟਲ ਪ੍ਰਤੀ ਏਕੜ ਝਾੜ ਦੇ ਰਹੀ ਹੈ | ਦੇਖਿਆ ਗਿਆ ਕਿ ਕਿਸਾਨ ਮੰਡੀ ਵਿਚ ਖ਼ੁਸ਼ ਨਜ਼ਰ ਆਏ |