ਫਗਵਾੜਾ, 11 ਜੂਨ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹ ਕਿਸੇ ਵੀ ਵਿਭਾਗ 'ਚ ਭਿ੍ਸ਼ਟਾਚਾਰੀ ਬਰਦਾਸ਼ਤ ਨਹੀਂ ਕਰਨਗੇ ਤੇ ਕੋਈ ਦੀ ਸ਼ਿਕਾਇਤ ਆਉਣ 'ਤੇ ਸਖ਼ਤ ਕਾਰਵਾਈ ਕਰਨਗੇ | ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਾਲ ਵਿਭਾਗ 'ਚ ਹੋ ਰਹੀ ਲੋਕਾਂ ਦੀ ਲੁੱਟ ਖਸੁੱਟ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਜਿਸਦਾ ਉਨ੍ਹਾਂ ਸਖ਼ਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਹੈ ਤੇ ਲੋਕਾਂ ਤੋਂ ਕੰਮ ਜੋ ਆਪਣੀ ਮਨਮਰਜ਼ੀ ਨਾਲ ਕੀਤੇ ਹਨ ਉਸਦੀ ਰਿਪੋਰਟ ਮੰਗੀ ਹੈ | ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਆਪਣੇ ਕੰਮ 'ਚ ਸੁਧਾਰ ਕਰਨ, ਲੋਕਾਂ ਦੇ ਕੰਮਾਂ ਦਾ ਤੁਰੰਤ ਨਿਬੇੜਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਫਗਵਾੜਾ-ਬੰਗਾ ਰੋਡ ਸੜਕ 5.20 ਕਰੋੜ ਰੁਪਏ ਦੀ ਲਾਗਤ ਨਾਲ ਜਲਦੀ ਬਣਨੀ ਸ਼ੁਰੂ ਹੋ ਰਹੀ ਹੈ | ਇਸ ਸਬੰਧੀ ਮਹਿੰਗਾਈ ਕਾਰਨ ਡੇਢ ਕਰੋੜ ਰੁਪਏ ਦਾ ਬਜਟ ਵੱਧ ਗਿਆ ਸੀ ਜੋ ਸਰਕਾਰ ਨੇ ਮਨਜ਼ੂਰ ਕਰ ਦਿੱਤਾ ਹੈ ਤੇ ਪੈਸੇ ਆ ਗਏ ਹਨ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਰੋਡ (ਕੇ.ਜੀ. ਦੇ ਨਾਲੋਂ) ਪਲਾਹੀ ਰੋਡ ਤੱਕ 5 ਕਰੋੜ 91 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਸ਼ੁਰੂ ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਨਵੇਂ ਸਿਨੇਮਾ ਤੋਂ ਵਿਰਕ ਹਸਪਤਾਲ ਤੱਕ ਦੀ ਸੜਕ ਅਗਲੇ ਹਫ਼ਤੇ ਬਣਨੀ ਸ਼ੁਰੂ ਹੋਵੇਗੀ | ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾ ਸਾਰੇ ਮੁੱਖ ਨਾਲਿਆਂ ਦੀ ਸਫ਼ਾਈ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਮੇਅਰ ਰਾਮਪਾਲ ਉੱਪਲ ਵੀ ਸ਼ਾਮਿਲ ਸਨ |