ਜਲੰਧਰ, 11 ਜੂਨ (ਐੱਮ.ਐੱਸ. ਲੋਹੀਆ)ਬਰਕਤ ਉੱਲਾ ਯੂਨੀਵਰਸਿਟੀ ਭੋਪਾਲ, ਮੱਧ ਪ੍ਰਦੇਸ਼ ਦਾ ਨਾਮ ਬਦਲਣ ਲਈ ਯੂਨੀਵਰਸਿਟੀ ਦੀ ਐਗਜ਼ੈਕਟਿਵ ਕੌਂਸਲ ਵਲੋਂ ਪਾਸ ਕੀਤੇ ਮਤੇ ਦੀ ਸਖ਼ਤ ਨਿੰਦਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਦੀ ਆਜ਼ਾਦੀ ਦੇ ਸੰਘਰਸ਼ ਅੰਦਰ ਵਿਲੱਖਣ, ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ ਬਾਨੀਆਂ ਦੀ ਸਿਰਮੌਰ ਟੀਮ 'ਚ ਮੀਤ ਪ੍ਰਧਾਨ ਦੀਆਂ ਸੇਵਾਵਾਂ ਅਦਾ ਕਰਨ ਵਾਲੇ ਪ੍ਰੋ. ਬਰਕਤ ਉੱਲਾ ਦੇ ਨਾਮ 'ਤੇ 1984 ਤੋਂ ਚੱਲੀ ਆਉਂਦੀ ਯੂਨੀਵਰਸਿਟੀ ਦਾ ਨਾਮ ਬਦਲਣ ਦਾ ਪ੍ਰਸਤਾਵ ਲਿਆਉਣਾ ਹੀ ਆਪਣੇ-ਆਪ 'ਚ ਗ਼ਦਰ ਲਹਿਰ ਅਤੇ ਸਮੁੱਚੇ ਆਜ਼ਾਦੀ ਸੰਗਰਾਮ ਦੀ ਤੌਹੀਨ ਕਰਨਾ ਹੈ, ਜਿਸ ਖ਼ਿਲਾਫ਼ ਦੇਸ਼-ਵਿਦੇਸ਼ ਅੰਦਰ ਜ਼ਬਰਦਸਤ ਵਿਰੋਧ ਲਹਿਰ ਖੜ੍ਹੀ ਕਰਨ ਦੀ ਲੋੜ ਹੈ | ਆਗੂਆਂ ਦਾ ਕਹਿਣਾ ਹੈ ਕਿ ਇਹ ਮਹਿਜ਼ ਯੂਨੀਵਰਸਿਟੀ ਦੀ ਐਗਜੈਕਟਿਵ ਕੌਂਸਲ ਨੂੰ ਹੀ ਫੁਰਿਆ ਫੁਰਨਾ ਨਹੀਂ ਸਗੋਂ ਸਾਡੇ ਮੁਲਕ ਅੰਦਰ ਜੋ ਅੰਨ੍ਹੀ ਦੌੜ ਆਰ.ਐੱਸ.ਐੱਸ. ਦੇ ਇਸ਼ਾਰਿਆਂ 'ਤੇ ਮੋਦੀ-ਅਮਿਤ ਸ਼ਾਹ ਦੀ ਭਾਜਪਾ ਹਕੂਮਤ ਦੌੜ ਰਹੀ ਹੈ, ਇਹ ਉਸਦੇ ਵਿਸਥਾਰਤ ਏਜੰਡੇ ਦੀ ਲੜੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕਦਮਾਂ ਨੂੰ ਠੱਲ੍ਹ ਪਾਉਣ ਲਈ ਬੁੱਧੀਜੀਵੀ, ਅਧਿਆਪਕ, ਵਿਦਿਆਰਥੀ, ਸਮਾਜ ਹਿਤੈਸ਼ੀ ਧੱੜ੍ਹਲੇ ਨਾਲ ਆਵਾਜ਼ ਬੁਲੰਦ ਕਰਨ ਲਈ ਅੱਗੇ ਨਾ ਆਏ ਤਾਂ ਭਵਿੱਖ 'ਚ ਅਜਿਹੇ ਕਦਮਾਂ ਦੀ ਭਰਮਾਰ ਆਏਗੀ | ਆਗੂਆਂ ਨੇ ਕਿਹਾ ਕਿ ਸਾਰੇ ਦੇਸ਼ ਭਗਤਾਂ ਦੀ ਅਪੀਲ ਹੈ ਕਿ ਬਰਕਤ ਉੱਲਾ ਯੂਨੀਵਰਸਿਟੀ ਦਾ ਨਾਂਅ ਬਦਲਣ ਪਿੱਛੇ ਮੰਤਵਾਂ ਨੂੰ ਬੇਪਰਦ ਕੀਤਾ ਜਾਵੇ |