ਸੁਲਤਾਨਪੁਰ ਲੋਧੀ, 15 ਜੂਨ (ਪ.ਪ. ਰਾਹੀਂ)-ਪੰਜਾਬ ਦੇ ਲੋਕਾਂ ਨੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਬਹੁਤ ਆਸ ਨਾਲ਼ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਲੈ ਕੇ ਆਂਦੀ ਸੀ ਪਰ ਬੀਤੇ ਚਾਰ ਸਾਲਾਂ ਤੋਂ ਤੋਂ ਸੂਬੇ ਵਿਚ ਮੌਜੂਦਾ ਸਰਕਾਰ ਵੱਲੋਂ ਨਸ਼ਾ, ਰੇਤ, ਸਿੱਖਿਆ, ਸਿਹਤ ਮਾਫ਼ੀਏ ਨੂੰ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਜਾ ਸਕੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾਈ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖਿਆ ਮਾਫ਼ੀਏ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾ ਲਿਆ ਹੈ | ਹਰ ਸਾਲ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਬੇਲੋੜੀਆਂ ਫ਼ੀਸਾਂ ਵਿਚ ਹੋਰ ਵਾਧਾ ਕਰ ਦਿੱਤਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀਆਂ ਪ੍ਰੋਪਰਟੀਆਂ ਦੀ ਜਾਂਚ ਕਰਵਾਏ, ਉਸ ਵਿਚ ਸਾਰੀ ਸਚਾਈ ਸਾਹਮਣੇ ਆ ਜਾਵੇਗੀ |ਇਸੇ ਤਰ੍ਹਾਂ ਨਸ਼ਾ ਤਸਕਰਾਂ ਨੂੰ ਵੀ ਠੱਲ੍ਹ ਨਹੀਂ ਪਾਈ ਜਾ ਸਕੀ, ਕਿਉਂਕਿ ਉਨ੍ਹਾਂ ਦੇ ਹੱਥ ਸਿਆਸੀ ਅਤੇ ਅਫ਼ਸਰਸ਼ਾਹੀ ਨਾਲ਼ ਰਲ਼ੇ ਹੋਣ ਕਰਕੇ ਆਪਣਾ ਕਾਰੋਬਾਰ ਨਿਰੰਤਰ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਡੇਰਾਵਾਦ ਲਗਾਤਾਰ ਵੱਧ ਰਿਹਾ ਹੈ ਅਤੇ ਜਿਸ ਦਾ ਸਮੁੱਚੇ ਸਿਸਟਮ ਤੇ ਪ੍ਰਭਾਵ ਵੱਧ ਰਿਹਾ ਹੈ ਜੋ ਕਿ ਘਾਤਕ ਸਾਬਿਤ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸਾਡੇ ਸਿਆਸੀ ਲੋਕਾਂ ਨੇ ਇਨ੍ਹਾਂ ਡੇਰਿਆਂ ਦੀ ਪੁਸ਼ਤ ਪਨਾਹੀ ਕਰਦਿਆਂ ਇਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਜਿਸ ਨਾਲ ਇਨ੍ਹਾਂ ਡੇਰਿਆਂ ਦਾ ਰਾਜਨੀਤਿਕ ਮਾਮਲਿਆਂ ਵਿਚ ਪ੍ਰਭਾਵ ਵੱਧ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਜਿਹੜੀ ਸਰਕਾਰ ਮੱਥਾ ਲਾਵੇਗੀ ਉਸ ਨੂੰ ਸਿਆਸੀ ਤੌਰ ਤੇ ਵੱਡਾ ਨੁਕਸਾਨ ਝੱਲਣਾ ਪਵੇਗਾ | ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਜੁਗਾੜੂ ਰੇੜੀਆਂ ਲੈ ਕੇ ਸੜਕਾਂ ਤੇ ਘੁੰਮ ਰਹੇ ਪ੍ਰਵਾਸੀ ਮਜ਼ਦੂਰਾਂ ਤੇ ਵੀ ਸਖ਼ਤੀ ਵਰਤੀ ਜਾਵੇ, ਜੋ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ |