ਕਪੂਰਥਲਾ, 27 ਜੂਨ (ਅਮਰਜੀਤ ਕੋਮਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਅੱਜ ਯੂਨੀਅਨ ਦੇ ਜ਼ਿਲ੍ਹੇ ਦੇ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮਜ਼ਾਦਪੁਰ ਦੀ ਅਗਵਾਈ ਵਿਚ ਪਿੰਡ ਨਾਨਕਪੁਰ ਵਿਖੇ ਕਿਸਾਨਾਂ ਨੂੰ ਪਾਵਰਕਾਮ ਵਲੋਂ ਰੋਜ਼ਾਨਾ 3-4 ਘੰਟੇ ਬਿਜਲੀ ਦਿੱਤੇ ਜਾਣ ‘ਤੇ ਪਾਵਰਕਾਮ ਵਿਰੁੱਧ ਰੋਸ ਵਿਖਾਵਾ ਕੀਤਾ | ਇਸ ਮੌਕੇ ਬੋਲਦਿਆਂ ਦਲਬੀਰ ਸਿੰਘ ਨਾਨਕਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਦਿਨ ਦੇ ਸਮੇਂ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ | ਹੁਣ ਜਦੋਂ ਝੋਨੇ ਦੀ ਲਵਾਈ ਦੇ ਕੰਮ ਵਿਚ ਤੇਜੀ ਆਈ ਹੈ ਤੇ ਕਿਸਾਨ ਲਗਭਗ ਅੱਧਾ ਝੋਨਾ ਲਗਾ ਚੁੱਕੇ ਹਨ, ਪਰ ਪਾਵਰਕਾਮ ਵਲੋਂ ਬਿਜਲੀ ਦੇ ਵੱਡੇ ਵੱਡੇ ਕੱਟ ਲਗਾ ਕੇ ਉਨ੍ਹਾਂ ਨੂੰ ਰੋਜ਼ਾਨਾ 3-4 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਲਾਈਨ ਵਿਚ ਕੁੱਝ ਫਾਲਟ ਹੋਣ ‘ਤੇ ਵੀ ਬਿਜਲੀ ਕੱਟ ਲਗਾ ਦਿੱਤਾ ਜਾਂਦਾ ਹੈ, ਪਰ ਉਸ ਦੀ ਪੂਰਤੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਅੱਜ ਲਗਭਗ 5 ਘੰਟੇ ਪਾਵਰ ਕੱਟ ਰਿਹਾ ਹੈ ਤੇ ਮਜਬੂਰੀ ਵੱਸ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਆਪਣਾ ਝੋਨਾ ਪਾਲ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਕਿਸਾਨਾਂ ਨੂੰ ਨਿਰੰਤਰ 8 ਘੰਟੇ ਬਿਜਲੀ ਸਪਲਾਈ ਦੇਣ ਵਿਚ ਨਾਕਾਮ ਰਹੀ ਹੈ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਵਾਅਦੇ ਮੁਤਾਬਿਕ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਲਾਕੇ ਦੇ ਕਿਸਾਨਾਂ ਨੂੰ ਲੈ ਕੇ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਚੱਕਾ ਜਾਮ ਕਰਕੇ ਧਰਨਾ ਦੇਵੇਗੀ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਦੇ ਚੀਫ਼ ਇੰਜੀਨੀਅਰ ਤੇ ਡਿਪਟੀ ਚੀਫ਼ ਇੰਜੀਨੀਅਰ ਕਪੂਰਥਲਾ ਦੀ ਹੋਵੇਗੀ | ਰੋਸ ਵਿਖਾਵੇ ਮੌਕੇ ਚਰਨਜੀਤ ਸਿੰਘ, ਅਮਰੀਕ ਸਿੰਘ ਸ਼ਾਹ, ਜੋਬਨਪ੍ਰੀਤ ਸਿੰਘ, ਬਲਬੀਰ ਸਿੰਘ ਖ਼ਾਲਸਾ, ਦਲਬੀਰ ਸਿੰਘ, ਸਰਬਜੀਤ ਸਿੰਘ, ਮਨੋਜ ਕੁਮਾਰ, ਸੋਨੂੰ, ਜਸਵਿੰਦਰ ਸਿੰਘ, ਗੋਪੀ ਸਾਰੇ ਪ੍ਰਵੇਜ਼ ਨਗਰ, ਵਰਿੰਦਰ ਸਿੰਘ ਤੇ ਜਸਕੀਰਤ ਸਿੰਘ ਭਗਤਪੁਰ, ਹਰਬੰਸ ਸਿੰਘ ਨਵਾਂ ਪਿੰਡ, ਕਸ਼ਮੀਰ ਸਿੰਘ ਖੁਖਰੈਣ, ਮੋਹਨ ਸਿੰਘ ਤੇ ਬਲਜੀਤ ਸਿੰਘ ਗੋਪੀਪੁਰ, ਲਖਵਿੰਦਰ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ ਤੇ ਬਲਵਿੰਦਰ ਸਿੰਘ ਭਵਾਨੀਪੁਰ, ਬਲਕਾਰ ਸਿੰਘ, ਗੁਰਨਾਮ ਸਿੰਘ, ਸਵਰਨ ਸਿੰਘ ਸਰਪੰਚ ਨਾਨਕਪੁਰ, ਪਾਲਾ ਰਾਮ, ਸੁਖਦੇਵ ਸਿੰਘ, ਗੁਰਕੀਰਤ ਸਿੰਘ ਤੇ ਗੁਰਨਾਮ ਸਿੰਘ ਸਾਰੇ ਨਾਨਕਪੁਰ, ਜੋਗਾ ਸਿੰਘ ਭਵਾਨੀਪੁਰ ਆਦਿ ਪਿੰਡਾਂ ਦੇ ਕਿਸਾਨ ਹਾਜ਼ਰ ਸਨ |