ਸੁਲਤਾਨਪੁਰ ਲੋਧੀ, 6 ਜੁਲਾਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ ‘ਤੇ ਰਾਣਾ ਧੜੇ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀਆਂ ਚੋਣਾਂ ਆਪਣੇ ਹੱਕ ਵਿਚ ਕਰਵਾ ਲਈਆਂ | ਅੱਜ ਨਗਰ ਕੌਂਸਲ ਦਫ਼ਤਰ ਵਿਖੇ ਐਸ.ਡੀ.ਐਮ. ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਹੋਈ ਮੀਟਿੰਗ ਦੌਰਾਨ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ | ਉਪਰੰਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ ਜਿਸ ਵਿਚ ਸੰਦੀਪ ਕੌਰ ਚੀਮਾ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਅਤੇ ਗੁਰਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ | ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਾਣਾ ਧੜੇ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਜਿੱਤ ਦਾ ਜਸ਼ਨ ਮਨਾਇਆ ਗਿਆ | ਇਸ ਮੌਕੇ ਰਾਣਾ ਧੜੇ ਦੇ ਕੌਂਸਲਰ ਰਵੀ ਕਾਂਤਾ, ਅਮਰਜੀਤ ਕੌਰ, ਸਿਮਰਪ੍ਰੀਤ ਕੌਰ, ਕਸ਼ਮੀਰ ਸਿੰਘ, ਪਵਨ ਕੁਮਾਰ ਕਨੌਜੀਆ ਵੀ ਹਾਜ਼ਰ ਸਨ | ਨਗਰ ਕੌਂਸਲ ਦੀਆਂ 13 ਸੀਟਾਂ ਵਿਚੋਂ 7 ਸੀਟਾਂ ‘ਤੇ ਰਾਣਾ ਧੜੇ ਦੇ ਸਮਰਥਨ ਵਾਲੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ ਜਦਕਿ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿਚ ਗਈ ਸੀ | ਚੋਣ ਉਪਰੰਤ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਮੂਹ ਨਗਰ ਨਿਵਾਸੀਆਂ, ਵੋਟਰਾਂ, ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸੱਚ ਅਤੇ ਵਿਕਾਸ ਦੀ ਰਾਜਨੀਤੀ ‘ਤੇ ਮੋਹਰ ਲਗਾਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਜੇਤੂ ਉਮੀਦਵਾਰਾਂ ‘ਤੇ ਕਈ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਅਤੇ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਗਈਆਂ, ਪਰ ਉਹ ਸਫਲ ਨਹੀਂ ਹੋ ਸਕੀਆਂ | ਉਨ੍ਹਾਂ ਕਿਹਾ, Uਅੰਤ ਵਿਚ ਗੁਰੂ ਨਗਰੀ ਵਿਚ ਸੱਚ ਦੀ ਜਿੱਤ ਹੋਈ ਹੈ | ਗੁਰੂ ਨਗਰੀ ਹਮੇਸ਼ਾ ਇਨਸਾਫ਼ ਅਤੇ ਸ਼ਾਂਤੀ ਦੀ ਹਾਮੀ ਰਹੀ ਹੈ | ਨਵੀਂ ਚੁਣੀ ਗਈ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਆਪਣੀ ਚੋਣ ‘ਤੇ ਸਮੂਹ ਵੋਟਰਾਂ, ਸਮਰਥਕਾਂ, ਪਾਰਟੀ ਲੀਡਰਸ਼ਿਪ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਸ਼ਹਿਰ ਦੇ ਹਰ ਵਰਗ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲ ਹੋਵੇਗੀ | ਇਸੇ ਤਰ੍ਹਾਂ ਨਵੀਂ ਚੁਣੀ ਗਈ ਮੀਤ ਪ੍ਰਧਾਨ ਗੁਰਜੀਤ ਕੌਰ ਨੇ ਵੀ ਸਮੂਹ ਵੋਟਰਾਂ, ਸਮਰਥਕਾਂ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਵਿੱਤਰ ਨਗਰੀ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰ ਨੂੰ ਵਧਾਈ ਦੇਣ ਵਾਲਿਆਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਚੇਅਰਮੈਨ ਪੀ ਏ ਡੀ ਬੀ ਹਰਚਰਨ ਸਿੰਘ ਬੱਗਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਰਜਿੰਦਰ ਸਿੰਘ ਤਕੀਆ ਸਾਬਕਾ ਚੇਅਰਮੈਨ, ਬਲਾਕ ਸੰਮਤੀ ਮੈਂਬਰ ਹਰਵਿੰਦਰ ਪਾਲ ਸਿੰਘ ਲਾਲੀ ਹਾਂਡਾ, ਸਾਬਕਾ ਸੰਮਤੀ ਮੈਂਬਰ ਬਲਵਿੰਦਰ ਸਿੰਘ ਫੱਤੋਵਾਲ, ਅਨਿਲ ਕੁਮਾਰ ਭੋਲਾ ਸ਼ਾਹ, ਕਰਨ ਚੌਹਾਨ, ਸਾਬਕਾ ਕੌਂਸਲਰ ਸ਼ਿਵ ਕੁਮਾਰ ਕਨੌਜੀਆ, ਮਹਿਲਾ ਆਗੂ ਸੁਨੀਤਾ ਧੀਰ, ਸਮੁੰਦਰ ਸਿੰਘ ਢਿੱਲੋਂ, ਸਰਪੰਚ ਗੁਰਮੀਤ ਸਿੰਘ ਵਾਟਾਂਵਾਲੀ, ਚਰਨਜੀਤ ਸਿੰਘ ਵਾਟਾਂ ਵਾਲੀ, ਸਰਪੰਚ ਗੁਰਮੀਤ ਸਿੰਘ ਬਾਊਪੁਰ, ਸਾਬਕਾ ਸਰਪੰਚ ਭੁਪਿੰਦਰ ਸਿੰਘ ਬੂਲੇ, ਸਿਕੰਦਰ ਸਿੰਘ ਸਾਬਕਾ ਸਰਪੰਚ, ਪੰਡਿਤ ਸੰਜੀਵ ਕੁਮਾਰ, ਸਤੀਸ਼ ਕੁਮਾਰ ਟਕਸਾਲੀ, ਹਰਬੀਰ ਸਿੰਘ ਸ਼ਤਾਬਗੜ, ਕੁਲਵੰਤ ਸਿੰਘ ਨੂਰੋਵਾਲ, ਸੋਨੂੰ ਅਟਵਾਲ, ਤਜਿੰਦਰ ਸਿੰਘ ਰਾਮਪੁਰ ਜਗੀਰ, ਸਰੂਪ ਸਿੰਘ ਭਰੋਆਣਾ, ਗੁਰਦੇਵ ਸਿੰਘ ਜੀ ਐਨ, ਸੰਜੀਵ ਅਰੋੜਾ, ਨੰਬਰਦਾਰ ਅਮਰਜੀਤ ਸਿੰਘ ਫ਼ੌਜੀ ਕਲੋਨੀ, ਬਾਬਾ ਚੱਡਾ ,ਪ੍ਰਤਾਪ ਸਿੰਘ, ਰਣਧੀਰ ਸਿੰਘ ਚੀਮਾ ਆਦਿ ਵੀ ਸ਼ਾਮਲ ਸਨ |