ਫਗਵਾੜਾ, 14 ਜੁਲਾਈ (ਹਰਜੋਤ ਸਿੰਘ ਚਾਨਾ)- ਫਗਵਾੜਾ ‘ਚ ਲੁਟੇਰਿਆਂ ਦਾ ਕਹਿਰ ਬੁਰੀ ਤਰ੍ਹਾਂ ਜਾਰੀ ਹੈ ਤੇ ਪੁਲਿਸ ਪੂਰੀ ਤਰ੍ਹਾਂ ਸੁਸਤ ਨਜ਼ਰ ਆ ਰਹੀ ਹੈ ਤੇ ਹੁਣ ਤਾਂ ਲੁਟੇਰੇ ਰੇਹੜੀ ਚਾਲਕਾਂ ਨੂੰ ਵੀ ਰਿਵਾਲਵਰ ਦਿਖਾ ਕੇ ਲੁੱਟ ਖੋਹ ਕਰ ਰਹੇ ਹਨ | ਬੀਤੀ ਰਾਤ ਲੁਟੇਰਿਆਂ ਨੇ ਹੁਸ਼ਿਆਰਪੁਰ ਰੋਡ ਪੁਲ ਹੇਠਾਂ ਇੱਕ ਰੇਹੜੀ ਚਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਪਾਸੋਂ ਨਕਦੀ ਲੁੱਟ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰੇਹੜੀ ਚਾਲਕ ਸਾਈਲਸ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਵੇਚ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਹੁਸ਼ਿਆਰਪੁਰ ਰੋਡ ਪੁਲ ਹੇਠਾਂ ਪੁੱਜਿਆ ਤਾਂ ਇੱਕ ਕਾਰ ‘ਚ ਸਵਾਰ ਹੋ ਕੇ ਚਾਰ ਵਿਅਕਤੀ ਆਏ ਤੇ ਇੱਕ ਨੇ ਉਸਨੂੰ ਕਿਰਪਾਨ ਦਿਖਾ ਕੇ ਡਰਾਇਆ ਤੇ ਇੱਕ ਨੇ ਰਿਵਾਲਵਰ ਦਿਖਾ ਕੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਦੇਵੇਗਾ ਤੇ ਉਸਨੇ ਡਰਦੇ ਮਾਰ ਉਸ ਪਾਸੋਂ 4700 ਰੁਪਏ ਦੀ ਨਕਦੀ ਕਢਵਾ ਲਈ ਤੇ ਫ਼ਰਾਰ ਹੋ ਗਏ | ਪੀੜਤ ਨੂੰ ਜਦੋਂ ਪੁੱਛਿਆ ਕਿ ਉਸ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤਾ ਤਾਂ ਉਸ ਨੇ ਕਿਹਾ ਕਿ ਉਹ ਤਾਂ ਪੁਲੀਸ ਪਾਸ ਵੀ ਨਹੀਂ ਜਾ ਸਕਦੇ ਕਿਉਂਕਿ ਪੁਲੀਸ ਦੇ ਚੱਕਰ ‘ਚ ਵੀ ਉਨ੍ਹਾਂ ਨੂੰ ਹੀ ਉਲਟਾ ਪ੍ਰੇਸ਼ਾਨ ਹੋਣਾ ਪਵੇਗਾ ਜਿਸ ਕਾਰਨ ਉਸਨੇ ਪੁਲੀਸ ਪਾਸ ਵੀ ਜਾਣਾ ਜਾਇਜ਼ ਨਹੀਂ ਸਮਝਿਆ |
ਫਗਵਾੜਾ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਹਥਿਆਰਾਂ ਦੀ ਨੋਕ ’ਤੇ ਰੇਹੜੀ ਚਾਲਕ ਤੋਂ ਨਕਦੀ ਲੁੱਟੀ
ਅਜੀਤ ਡੈਸਕ
15-07-2026