ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)- ਬਹੁਜਨ ਸਮਾਜ ਪਾਰਟੀ ਵੱਲੋਂ ਪੁਲੀਸ ਦੀਆਂ ਵਧੀਕੀਆਂ ਤੇ ਧੱਕੇਸ਼ਾਹੀ ਦੇ ਵਿਰੋਧ ‘ਚ ਅੱਜ ਥਾਣਾ ਰਾਵਲਪਿੰਡੀ ਦਾ ਘਿਰਾਓ ਕੀਤਾ ਗਿਆ | ਇਸ ਦੌਰਾਨ ਬਸਪਾ ਵਰਕਰਾਂ ਤੇ ਸਮਰਥਕਾਂ ਵਲੋਂ ਥਾਣੇ ਦੇ ਮੁੱਖ ਗੇਟ ਦੇ ਸਾਹਮਣੇ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰੀਬ 3 ਘੰਟੇ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਲੇਖਰਾਜ ਜਮਾਲਪੁਰੀ, ਕੌਂਸਲਰ ਤੇ ਪ੍ਰਧਾਨ ਚਿਰੰਜੀ ਲਾਲ ਕਾਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਬੋਧ ਦਿਹਾਤੀ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਤੇ ਕੌਂਸਲਰ ਅਮਨਦੀਪ ਇੰਚਾਰਜ ਸ਼ਹਿਰੀ ਫਗਵਾੜਾ ਤੋਂ ਇਲਾਵਾ ਸੀਨੀਅਰ ਆਗੂ ਪਰਮਜੀਤ ਖਲਵਾੜਾ, ਸੁਰਿੰਦਰ ਢੰਡਾ, ਹਰਭਜਨ ਸੁਮਨ ਅਤੇ ਰਾਮ ਮੂਰਤੀ ਖੇੜਾ ਜਨਰਲ ਸਕੱਤਰ ਨੇ ਕਿਹਾ ਕਿ ਥਾਣਾ ਰਾਵਲਪਿੰਡੀ ਹਮੇਸ਼ਾ ਹੀ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ | ਇੱਥੋਂ ਦੀ ਪੁਲਿਸ ਫੋਰਸ ਸਿਆਸੀ ਆਕਾਵਾਂ ਦੇ ਦਬਾਅ ਹੇਠ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਥਾਣੇ ‘ਚ ਰੋਜ਼ਾਨਾ ਆਮ ਲੋਕ ਖੱਜਲ ਖ਼ੁਆਰ ਹੁੰਦੇ ਹਨ, ਅਫ਼ਸਰਾਂ ਵਲੋਂ ਪੀੜਤ ਧਿਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ | ਦਰਖਾਸਤਾਂ ਦੀ ਪੜਤਾਲ ਨੂੰ ਬਿਨ੍ਹਾਂ ਵਜ੍ਹਾ ਲਮਕਾਇਆ ਜਾਂਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਰਾਵਲਪਿੰਡੀ ਪੁਲੀਸ ਵਲੋਂ ਪਿੰਡ ਰਾਮਪੁਰ ਸੁੰਨੜਾ ਦੀ ਮਹਿਲਾ ਸਰਪੰਚ ਅਤੇ ਉਸ ਦੇ ਪਤੀ ਖ਼ਿਲਾਫ਼ ਸਿਆਸੀ ਪ੍ਰਭਾਵ ਹੇਠ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਇਹ ਰੋਸ ਧਰਨਾ ਪੁਲੀਸ ਨੂੰ ਇੱਕ ਚੇਤਾਵਨੀ ਹੈ ਕਿ ਉਕਤ ਮਾਮਲੇ ਸਮੇਤ ਥਾਣਾ ਅਧੀਨ ਆਉਂਦੇ ਪਿੰਡਾਂ ਦੇ ਹੋਰਨਾਂ ਪੀੜਤ ਪਰਿਵਾਰਾਂ ਨੂੰ ਪੂਰਨ ਨਿਆਂ ਦਿੱਤਾ ਜਾਵੇ, ਨਹੀਂ ਤਾਂ ਬਸਪਾ ਲੋਕਾਂ ਨੂੰ ਇਨਸਾਫ਼ ਦੁਆਉਣ ਲਈ ਵੱਡੀ ਪੱਧਰ ਤੇ ਸੰਘਰਸ਼ ਕਰੇਗੀ | ਕਰੀਬ ਤਿੰਨ ਘੰਟੇ ਬਾਅਦ ਡੀ.ਐਸ.ਪੀ. ਪਲਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਤੇ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਪੂਰਨ ਨਿਆਂ ਦੇਣ ਦੇ ਨਾਲ ਹੀ ਬਸਪਾ ਆਗੂਆਂ ਵਲੋਂ ਰਾਮਪੁਰ ਸੁੰਨੜਾ ਦੀ ਸਰਪੰਚ ਦੇ ਖ਼ਿਲਾਫ਼ ਦਰਜ ਐਫ.ਆਈ.ਆਰ. ਨੂੰ ਝੂਠਾ ਦੱਸਣ ਦੇ ਮਾਮਲੇ ਵਿਚ ਡੁੰਘਾਈ ਨਾਲ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ | ਜਿਸ ਤੋਂ ਬਾਅਦ ਬਸਪਾ ਆਗੂਆਂ ਨੇ ਧਰਨਾ ਸਮਾਪਤ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦੁਬਾਰਾ ਵੱਡੀ ਪੱਧਰ ‘ਤੇ ਅੰਦੋਲਨ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ | ਇਸ ਮੌਕੇ ਸੁਰਿੰਦਰ ਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਐਡਵੋਕੇਟ ਕੁਲਦੀਪ ਭੱਟੀ, ਅਮਰਜੀਤ ਖੁੱਤਣ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਚਰਨਜੀਤ ਚੱਕ ਹਕੀਮ, ਗੁਰਮੀਤ ਰਾਮਪੁਰ ਸੁੰਨੜਾ, ਸੰਤੋਖ ਢੰਡਾ, ਡਾ. ਅਮਰੀਕ ਪਾਂਸ਼ਟ, ਸੁਰਿੰਦਰ ਭਬਿਆਣਾ, ਸੁਰਿੰਦਰ ਰਾਵਲਪਿੰਡੀ, ਬੰਟੀ, ਸੰਦੀਪ ਅੰਬੇਡਕਰੀ ਯੂਥ ਆਗੂ, ਬੰਟੀ ਮੋਰਾਂਵਾਲੀ, ਜਰਨੈਲ ਸਿੰਘ ਨੰਬਰਦਾਰ ਰਾਮਪੁਰ ਸੁੰਨੜਾ, ਬੱਲੀ ਬਾਬਾ ਗਧੀਆ, ਵਿਸ਼ੰਭਰ ਦਾਸ ਭਬਿਆਣਾ, ਕਸ਼ਮੀਰਾ ਸਿੰਘ ਦਰਵੇਸ਼ ਪਿੰਡ, ਵਿਪਨ ਕੁਮਾਰ ਖਲਵਾੜਾ, ਰਾਜੇਸ਼ ਭਬਿਆਣਾ, ਬਲਦੇਵ ਗੁਲਾਬਗੜ੍ਹ, ਨਿਰਮਲ ਸਿੰਘ ਮਲਕਪੁਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ |