ਕਪੂਰਥਲਾ, 17 ਜੁਲਾਈ (ਅਮਰਜੀਤ ਕੋਮਲ)- ਜ਼ਿਲ੍ਹਾ ਭਾਸ਼ਾ ਵਿਭਾਗ ਕਪੂਰਥਲਾ ਵਲੋਂ ਲਿਟਲ ਏਂਜਲਸ ਕੋ ਐਡ ਸਕੂਲ ਕਪੂਰਥਲਾ ਦੇ ਵਿਹੜੇ ਵਿਚ ਉੱਘੀ ਸ਼ਾਇਰਾ ਅੰਮਿ੍ਤਾ ਪ੍ਰੀਤਮ ਨੂੰ ਸਮਰਪਿਤ ਇਕ ਸਾਹਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਘੀ ਲੋਕ ਗਾਇਕਾ ਗਲੋਰੀ ਬਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਧਾਨਗੀ ਉੱਘੀ ਸਾਹਿਤਕਾਰ ਅਰਤਿੰਦਰ ਸੰਧੂ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਅੰਮਿ੍ਤਾ ਪ੍ਰੀਤਮ ਦੀਆਂ ਪ੍ਰਸਿੱਧ ਰਚਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਉਨ੍ਹਾਂ ਦੀ ਨਿਡਰ ਲੇਖਣੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਬਾਅਦ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਤੇ ਸਕੂਲ ਦੀ ਪਿ੍ੰਸੀਪਲ ਇੰਦਰਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਬੂਟੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁਨੱਜਾ ਇਰਸ਼ਾਦ ਨੇ ਉੱਘੀ ਕਵਿੱਤਰੀ ਅੰਮਿ੍ਤਾ ਪ੍ਰੀਤਮ ਦੇ ਜੀਵਨ, ਪੰਜਾਬੀ ਸਾਹਿਤ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਅੰਮਿ੍ਤਾ ਇਕ ਸ਼ਾਇਰਾ ਹੀ ਨਹੀਂ ਸਗੋਂ ਨਾਰੀ ਚੇਤਨਾ ਅਤੇ ਆਜ਼ਾਦ ਖਿਆਲਾਂ ਦੀ ਇਕ ਮਿਸਾਲੀ ਆਵਾਜ਼ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਗਲੋਰੀ ਬਾਵਾ ਨੇ ਅੰਮਿ੍ਤਾ ਪ੍ਰੀਤਮ ਦੇ ਸਾਹਿਤਕ ਖੇਤਰ ਵਿਚ ਪਾਏ ਗਏ ਯੋਗਦਾਨ ਤੇ ਸਾਵਣ ਦੇ ਮਹੀਨੇ ਸਭਿਆਚਾਰਕ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਬਾਅਦ ਵਿਚ ਉਨ੍ਹਾਂ ਆਪਣੀ ਲੋਕ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਤੇ ਮਿਰਜਾ ਗਾਕੇ ਉਨ੍ਹਾਂ ਸਰੋਤਿਆਂ ਨੂੰ ਸਰਸ਼ਾਰ ਕੀਤਾ | ਅਰਤਿੰਦਰ ਕੌਰ ਸੰਧੂ ਤੇ ਵਿਸ਼ੇਸ਼ ਮਹਿਮਾਨ ਅਰਵਿੰਦਰ ਭੁੱਲਰ ਨੇ ਭਾਸ਼ਾ ਵਿਭਾਗ ਵਲੋਂ ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ| ਇਸੇ ਦੌਰਾਨ ਹੀ ‘ਅੰਮਿ੍ਤਾ ਦੇ ਰੰਗ-ਸਾਵਨ ਦੇ ਸੰਗ’ ਦੇ ਅਨੁਵਾਨ ਹੇਠ ਸਾਵਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉੱਘੀ ਸ਼ਾਇਰਾ ਪ੍ਰੋਮਿਲਾ ਅਰੋੜਾ, ਕੁਲਵਿੰਦਰ ਕੰਵਲ, ਡਾ. ਜਸਦੀਪ ਕੌਰ, ਡਾ. ਨਵਰੂਪ, ਡਾ. ਸੰਦੀਪ ਕੌਰ, ਮੁਨੱਜਾ ਇਰਸ਼ਾਦ, ਨੀਤ ਨਰਿੰਦਰ, ਸ਼ੁੱਭ ਕਿਰਨ ਕੌਰ, ਕੰਵਲਪ੍ਰੀਤ ਕੌਰ, ਸਤਿੰਦਰਜੀਤ ਕੌਰ, ਪਰਜਿੰਦਰ ਕੌਰ, ਬਬਿਤਾ ਚੌਹਾਨ, ਰਿਤੂ ਵਾਸੁਦੇਵ ਨੇ ਖ਼ੂਬਸੂਰਤ ਰਚਨਾਵਾਂ ਬਾਖ਼ੂਬੀ ਨਾਲ ਪੇਸ਼ ਕੀਤੀਆਂ | ਲਿਟਲ ਏਂਜਲਸ ਕੋ ਐਡ ਸਕੂਲ ਦੀ ਡੀਨ ਆਫ਼ ਐਜੂਕੇਸ਼ਨ ਪ੍ਰੀਤ ਖਿੰਡਾ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਤੇ ਉੱਘੀਆਂ ਕਵਿੱਤਰੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਉਨ੍ਹਾਂ ਭਾਸ਼ਾ ਵਿਭਾਗ ਵਲੋਂ ਸਾਹਿਤਕ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਮੁੱਖ ਮਹਿਮਾਨ ਗਲੋਰੀ ਬਾਵਾ ਦਾ ਵੀ ਉਚੇਚੇ ਤੌਰ ‘ਤੇ ਧੰਨਵਾਦ ਕੀਤਾ | ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੀ ਗਈ ਵਡਮੁੱਲੇ ਸਾਹਿਤ ਦੀ ਇਕ ਪ੍ਰਦਰਸ਼ਨੀ ਲਗਾਈ ਗਈ | ਸਕੂਲ ਦੇ ਸਟਾਫ਼, ਵਿਦਿਆਰਥੀਆਂ ਤੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਨੇ ਪ੍ਰਦਰਸ਼ਨੀ ਵਿਚ ਗਹਿਰੀ ਦਿਲਚਸਪੀ ਦਿਖਾਈ ਦੇ ਪੁਸਤਕਾਂ ਖ਼ਰੀਦ ਕੀਤੀਆਂ। ਇਸ ਮੌਕੇ ਜਸਪ੍ਰੀਤ ਕੌਰ, ਪ੍ਰੀਤ ਖਿੰਡਾ, ਇੰਦਰਜੀਤ ਕੌਰ ਨੇ ਮਹਿਮਾਨਾਂ ਤੇ ਕਵਿੱਤਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ | ਸਮਾਗਮ ਵਿਚ ਪਰਿੰਦਰ ਕੌਰ, ਨਿਧੀ ਸ਼ਰਮਾ, ਮਨੀਸ਼ ਕੁਮਾਰ, ਮਨਪ੍ਰੀਤ ਕੌਰ ਤੋਂ ਇਲਾਵਾ ਲਿਟਲ ਏਂਜਲਸ ਕੋ-ਐਡ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |