ਹੁਸੈਨਪੁਰ, 17 ਜੁਲਾਈ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨੂੰ ਪਿਛਲੇ ਕਈ ਦਿਨਾਂ ਤੋਂ ਪੁੱਟਿਆ ਹੋਣ ਕਰਕੇ ਆਏ ਦਿਨ ਨਿੱਤ ਹਾਦਸੇ ਵਾਪਰ ਰਹੇ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ਸਿੰਘ ਖ਼ਾਲਸਾ ਐਮ. ਡੀ. ਖ਼ਾਲਸਾ ਮਾਰਬਲ ਹਾਊਸ, ਕਾਂਗਰਸ ਦੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ, ਉੱਘੇ ਸਮਾਜ ਸੇਵਕ ਨਿਰਮਲ ਸਿੰਘ ਦਦਰਾਲ, ਬਾਬਾ ਬੀਰ ਸਿੰਘ ਇੰਟਰਪ੍ਰਾਈਜ਼ ਦੇ ਐਮ.ਡੀ. ਤੇ ਪ੍ਰਧਾਨ ਗੁਰਦਿਆਲ ਸਿੰਘ ਠੱਟਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਸਰਪੰਚ ਸਿਆਲ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਵਿਭਾਗ ਵੱਲੋਂ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨੂੰ ਬਰਿੰਦਪੁਰ ਤੋਂ ਖੈੜਾ ਦੋਨਾਂ ਤੱਕ ਖ਼ਸਤਾ ਹਾਲਤ ਹੋਣ ਕਰਕੇ ਨਵੇਂ ਸਿਰਿਉਂ ਬਣਾਉਣ ਲਈ ਪੁੱਟਿਆ ਗਿਆ ਹੈ ਪਰ ਇਕੋ ਵਾਰ ਸਾਰਾ ਰੋਡ ਪੱਟਣ ਕਰਕੇ ਰੋਜ਼ਾਨਾ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਸਾਈਡਾਂ ਅਤੇ ਵਿਚਕਾਰ ਪੱਟੀ ਉੱਚੀ ਛੱਡਣ ਕਰਕੇ ਆਏ ਦਿਨ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਰਾਹਗੀਰ ਗੰਭੀਰ ਰੂਪ ਵਿਚ ਜ਼ਖਮੀ ਵੀ ਚੁੱਕੇ ਹਨ, ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਿਭਾਗ ਦਾ ਕੋਈ ਧਿਆਨ ਨਹੀਂ ਬਲਕਿ ਕੁੰਭਕਰਨ ਦੀ ਨੀਂਦ ਸੁੱਤੇ ਆਰਾਮ ਫਰਮਾ ਰਹੇ ਹਨ | ਉਨ੍ਹਾਂ ਕਿਹਾ ਕਿ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਚਾਹੀਦਾ ਸੀ ਕਿ ਇਸ ਜੀ. ਟੀ. ਰੋਡ ਨੂੰ ਬਣਾਉਣ ਲਈ ਪਹਿਲਾਂ ਇਕ ਪਾਸਾ ਪੱਟ ਕੇ ਉਸ ਨੂੰ ਬਣਾਉਣ ਉਪਰੰਤ ਬਾਅਦ ਦੂਸਰੇ ਪਾਸੇ ਨੂੰ ਪੱਟ ਕੇ ਉਸ ਨੂੰ ਤਿਆਰ ਕੀਤਾ ਜਾਂਦਾ, ਪਰ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਪੂਰਾ ਰੋਡ ਬਰਿੰਦਪੁਰ ਤੋਂ ਖੈੜਾ ਦੋਨਾਂ ਤੱਕ ਸਾਰਾ ਰੋਡ ਪੱਟਣ ਕਰਕੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |