ਭੰਡਾਲ ਬੇਟ, 19 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਡੇਰਾ ਬਾਬਾ ਚੰਦ ਦਾਸ ਜੀ (ਉਦਾਸੀਨ) ਖੈੜਾ ਬੇਟ ਦੇ ਮੁਖੀ ਬ੍ਰਹਮ ਗਿਆਨੀ ਬਾਬਾ ਚਰਨ ਦਾਸ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ (ਮੋਹਛਾ) ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ ਦੀ ਯੋਗ ਅਗਵਾਈ ਹੇਠ 28, 29, 30 ਜੁਲਾਈ ਨੂੰ ਡੇਰਾ ਬਾਬਾ ਚਰਨ ਦਾਸ ਜੀ ਖੈੜਾ ਬੇਟ ਨੇੜੇ ਸੁਰਖਪੁਰ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ ਜੀ ਨੇ ਦੱਸਿਆ ਕਿ ਇਹਨਾਂ ਸਾਲਾਨਾ ਸਮਾਗਮਾਂ ਦੇ ਸੰਬੰਧ ਵਿਚ 28 ਜੁਲਾਈ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 30 ਜੁਲਾਈ ਦਿਨ ਵੀਰਵਾਰ ਨੂੰ ਪਾਏ ਜਾਣਗੇ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਸਰੂਪ ਸਿੰਘ ਕੰਡਿਆਣਾ, ਭਾਈ ਮਨਜਿੰਦਰ ਸਿੰਘ ਜੀ ਹਰਰਾਏਪੁਰ ਵਾਲੇ, ਗਿਆਨੀ ਸੁਖਬੀਰ ਸਿੰਘ ਗੁਰੂ ਨਾਨਕ ਦਲ ਕਵੀਸ਼ਰੀ ਜਥਾ, ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਅਤੇ ਹੋਰ ਧਾਰਮਿਕ ਰਾਜਨੀਤਿਕ ਸ਼ਖ਼ਸੀਅਤਾਂ ਪਹੁੰਚ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਨਗੇ | ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਖੈੜਾ ਬੇਟ, ਸੁਰਖਪੁਰ ਅਤੇ ਖੀਰਾਂਵਾਲੀ ਦੀ ਸੰਗਤ ਵਲੋਂ ਕੀਤੀ ਜਾਵੇਗੀ, ਸਾਈਕਲ ਸਕੂਟਰ ਸਟੈਂਡ ਦੀ ਸੇਵਾ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਦੇ ਸੇਵਾਦਾਰਾਂ ਵਲੋਂ ਕੀਤੀ ਜਾਵੇਗੀ, ਮੀਰੀ ਪੀਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਕ ਜਥੇ ਵਲੋਂ ਜੋੜੇ ਘਰ ਦੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ |