ਨਡਾਲਾ, 22 ਜੁਲਾਈ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਦੀ ਇੱਕ ਅਹਿਮ ਮੀਟਿੰਗ ਜ਼ੋਨ ਪ੍ਰਧਾਨ ਬਲਾਕਾ ਸਿੰਘ, ਜ਼ੋਨ ਸਕੱਤਰ ਜਸਵੰਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ, ਜ਼ਿਲ੍ਹਾ ਆਗੂ ਬਲਦੇਵ ਸਿੰਘ, ਗੁਰਵਿੰਦਰ ਸਿੰਘ ਅਤੇ ਗੱਗੀ ਹਮੀਰਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ| ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਬਿਜਲੀ ਸਪਲਾਈ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ | ਲੰਬੇ ਸਮੇਂ ਤੱਕ ਲੱਗ ਰਹੇ ਬਿਜਲੀ ਕੱਟਾਂ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਬਿਜਲੀ ਘਰ ਨਡਾਲਾ ਦੇ ਹਾਲਾਤ ਹੋਰ ਸਬ-ਸਟੇਸ਼ਨਾਂ ਨਾਲੋਂ ਵੀ ਜ਼ਿਆਦਾ ਮਾੜੇ ਹਨ | ਜਿੱਥੇ ਹੋਰ ਗਰਿੱਡਾਂ ਤੋਂ ਸਪਲਾਈ ਲਗਾਤਾਰ ਚੱਲਦੀ ਰਹਿੰਦੀ ਹੈ, ਉੱਥੇ ਨਡਾਲਾ ਗਰਿੱਡ ਤੋਂ ਬਿਜਲੀ ਦੀ ਸਪਲਾਈ ਅਕਸਰ ਬੰਦ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ 24 ਘੰਟੇ ਵਾਲੀ ਘਰੇਲੂ ਸਪਲਾਈ ਵਿਚ ਵੀ ਕਈ-ਕਈ ਘੰਟਿਆਂ ਦੇ ਕੱਟ ਲੱਗ ਰਹੇ ਹਨ ਤੇ ਖੇਤੀਬਾੜੀ ਲਈ ਦਿੱਤੀ ਜਾਣ ਵਾਲੀ ਮੋਟਰ ਸਪਲਾਈ ਵੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਬੋਰਡ ਨਡਾਲਾ ਖ਼ਿਲਾਫ਼ ਵੱਡਾ ਸੰਘਰਸ਼ ਅਤੇ ਧਰਨੇ ਦਾ ਐਲਾਨ ਕੀਤਾ ਜਾਵੇਗਾ |ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਲਗਾਤਾਰ ਲੱਗ ਰਹੇ ਬਿਜਲੀ ਕੱਟ ਇਨ੍ਹਾਂ ਦਾਵਿਆਂ ਦੀ ਪੋਲ ਖੋਲ੍ਹ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਮੌਕੇ ਜ਼ੋਨ ਆਗੂ ਕਮਲਜੀਤ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਅਰਵਿੰਦਰ ਸਿੰਘ ਘੁੰਮਣ ਸਮੇਤ ਹੋਰ ਆਗੂ ਵੀ ਹਾਜ਼ਰ ਸਨ |