ਆਜ਼ਾਦੀ ਦਿਹਾੜੇ ’ਤੇ ਹੋਣ ਵਾਲੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਧਿਕਾਰੀ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣ-ਵਰਿੰਦਰਪਾਲ ਸਿੰਘ ਬਾਜਵਾ
ਕਿਹਾ, ਸਮਾਗਮ ਸਬੰਧੀ ਰਿਹਰਸਲ 10 ਤੋਂ 12 ਅਗਸਤ ਤੱਕ ਹੋਵੇਗੀ
ਕਪੂਰਥਲਾ, 4 ਅਗਸਤ (ਵਿ. ਪ੍ਰ.)
ਕਪੂਰਥਲਾ, 4 ਅਗਸਤ (ਵਿ.ਪ੍ਰ.)-ਆਜ਼ਾਦੀ ਦਿਹਾੜੇ ਦੇ ਸਬੰਧ ਵਿਚ 15 ਅਗਸਤ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਜਿਹੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਹ ਆਪਸੀ ਤਾਲਮੇਲ ਕਰਕੇ ਇਹ ਡਿਊਟੀਆਂ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣ | ਇਹ ਗੱਲ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨੇ ਆਜ਼ਾਦੀ ਦਿਵਸ ਦੇ ਸਬੰਧ ਵਿਚ ਹੋਣ ਵਾਲੇ ਸਮਾਗਮ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਸਮਾਗਮ ਸਬੰਧੀ ਹੋਣ ਵਾਲੀ ਪਰੇਡ, ਸਭਿਆਚਾਰਕ ਪ੍ਰੋਗਰਾਮ, ਸਟੇਜ ਦਾ ਪ੍ਰਬੰਧ, ਲੋਕਾਂ ਦੇ ਬੈਠਣ ਦਾ ਪ੍ਰਬੰਧ, ਆਵਾਜਾਈ ਤੇ ਪਾਰਕਿੰਗ, ਨਿਰਵਿਘਨ ਬਿਜਲੀ ਤੇ ਪਾਣੀ ਦੀ ਸਪਲਾਈ, ਮੈਡੀਕਲ ਸਹੂਲਤਾਂ, ਅੱਗ ਬੁਝਾਓ ਜੰਤਰ ਤੇ ਸਾਫ਼ ਸਫ਼ਾਈ ਦੀ ਵਿਵਸਥਾ ਆਦਿ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ | ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਦੇ ਆਲੇ ਦੁਆਲੇ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ | ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਲਈ ਰਿਹਰਸਲ 10 ਤੋਂ 12 ਅਗਸਤ ਤੱਕ ਹੋਣਗੀਆਂ, ਜਦਕਿ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ, ਜਿਸ ਵਿਚ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟਾਂ ਦੇ ਮਾਰਚ ਪਾਸਟ ਦੀਆਂ ਟੁਕੜੀਆਂ ਸ਼ਾਮਲ ਹੋਣਗੀਆਂ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਪੀ.ਟੀ. ਸ਼ੋਅ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਮੀਟਿੰਗ ਵਿਚ ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |