ਨਨਕਾਣਾ ਸਾਹਿਬ ਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਦੇ ਚਾਹਵਾਨ ਸ਼ਰਧਾਲੂ 8 ਤੱਕ ਪਾਸਪੋਰਟ ਦੇਣ -ਬੀਬੀ ਰੂਹੀ
ਸੁਲਤਾਨਪੁਰ ਲੋਧੀ, 5 ਅਗਸਤ (ਨਰੇਸ਼ ਹੈਪੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਫਗਵਾੜਾ - ਸੁਲਤਾਨਪੁਰ ਲੋਧੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ ਮਹੀਨੇ ਆ ਰਹੇ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਅਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਾਸਪੋਰਟ ਤੇ ਹੋਰ ਦਸਤਾਵੇਜ਼ 8 ਅਗਸਤ ਤੱਕ ਮੇਰੇ ਕੋਲੋਂ ਸਿਫ਼ਾਰਿਸ਼ ਕਰਵਾ ਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਮਾਂ ਕਰਵਾਉਣ | ਉਨ੍ਹਾਂ ਦੱਸਿਆ ਕਿ ਜਥੇ ਨਾਲ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 8 ਅਗਸਤ ਤੱਕ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫ਼ਾਰਿਸ਼ ਅਤੇ ਆਧਾਰ ਕਾਰਡ ਜਾਂ ਵੋਟਰ ਕਾਰਡ ਆਦਿ ਪਛਾਣ ਪੱਤਰ ਸਹਿਤ ਮੇਰੇ ਕੋਲ ਜਾਂ ਗੁਰਦੁਆਰਾ ਬੇਰ ਸਾਹਿਬ ਰਿਕਾਰਡ ਕੀਪਰ ਜਸਵਿੰਦਰ ਸਿੰਘ ਕੋਲ ਜਮਾਂ ਕਰਵਾ ਦੇਣ | ਉਨ੍ਹਾਂ ਦੱਸਿਆ ਕਿ ਲੋੜੀਂਦੀ ਸਿਫ਼ਾਰਿਸ਼ ਕਰਕੇ ਸਾਰੇ ਪਾਸਪੋਰਟ ਤੇ ਹੋਰ ਦਸਤਾਵੇਜ਼ 10 ਅਗਸਤ ਤੱਕ ਹੀ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾ ਕਰਾਏ ਜਾਣੇ ਹਨ | ਜ਼ਿਕਰਯੋਗ ਹੈ ਕਿ ਜਥੇ ਨਾਲ ਪਾਕਿਸਤਾਨ ਜਾਣ ਵਾਲੀ ਇਕੱਲੀ ਸ਼ਰਧਾਲੂ ਬੀਬੀ ਲਈ ਇਨ੍ਹਾਂ ਦਸਤਾਵੇਜ਼ਾਂ ਦੇ ਨਾਲ ਸਵੈ-ਘੋਸ਼ਣਾ ਫਾਰਮ ਜਮਾਂ ਕਰਾਉਣਾ ਵੀ ਲਾਜ਼ਮੀ ਹੈ | ਦੱਸਣਯੋਗ ਹੈ ਕਿ ਇਸ ਵਾਰ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 24 ਨਵੰਬਰ ਨੂੰ ਆ ਰਿਹਾ ਹੈ ਅਤੇ ਭਾਰਤ ਤੋਂ ਕਰੀਬ ਤਿੰਨ ਹਜ਼ਾਰ ਸ਼ਰਧਾਲੂਆਂ ਦੇ ਜਥੇ ਦੇ 22 ਨਵੰਬਰ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਜਾਣ ਦੀ ਸੰਭਾਵਨਾ ਹੈ |