ਇੰਸੈਂਟਿਵ ਵਿਚ ਕਟੌਤੀ ਦੇ ਰੋਸ ਵਜੋਂ ਆਰ.ਸੀ.ਐਫ. ਦੇ ਕਰਮਚਾਰੀ ਅੱਜ ਕਰਨਗੇ ਰੋਸ ਵਿਖਾਵਾ
ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਵਿਚ ਲਿਆ ਗਿਆ ਫ਼ੈਸਲਾ
ਕਪੂਰਥਲਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਆਰ. ਸੀ.
ਕਪੂਰਥਲਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਦੀ ਦੇਖ ਰੇਖ ਹੇਠ ਹੋਈ | ਜਿਸ ਵਿਚ ਆਰ.ਸੀ.ਐਫ. ਦੇ ਕਰਮਚਾਰੀਆਂ ਦੇ ਇੰਨਸੈਂਟਿਵ ਵਿਚ ਕੀਤੀ ਗਈ ਕਟੌਤੀ ‘ਤੇ ਰੋਸ ਪ੍ਰਗਟ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜੁਲਾਈ ਮਹੀਨੇ ਵਿਚ ਸਖ਼ਤ ਗਰਮੀ ਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਵੀ ਮੁਲਾਜ਼ਮਾਂ ਨੇ ਆਰ.ਸੀ.ਐਫ. ਦੇ ਉਤਪਾਦਨ ਟੀਚੇ ਨੂੰ ਬਰਕਰਾਰ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਪਰ ਆਰ.ਸੀ.ਐਫ. ਪ੍ਰਸ਼ਾਸਨ ਨੇ ਇੰਨਸੈਂਟਿਵ ਵਿਚ ਵੱਡੀ ਕਟੌਤੀ ਕਰਕੇ ਕਰਮਚਾਰੀਆਂ ਦੇ ਮਨੋਬਲ ਨੂੰ ਕਮਜ਼ੋਰ ਕੀਤਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਇੰਨਸੈਂਟਿਵ ਵਿਚ ਕੀਤੀ ਗਈ ਕਟੌਤੀ ਦੇ ਵਿਰੋਧ ਵਿਚ 11 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ ਪੌਣੇ 8 ਵਜੇ ਆਰ.ਸੀ.ਐਫ. ਦੇ ਪੇਂਟ ਤੇ ਬੋਗੀ ਸ਼ਾਪ ਵਿਚ ਰੋਸ ਵਿਖਾਵਾ ਕੀਤਾ ਜਾਵੇਗਾ | ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਫਿਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ | ਉਨ੍ਹਾਂ ਆਰ.ਸੀ.ਐਫ. ਦੇ ਸਮੂਹ ਕਰਮਚਾਰੀਆਂ ਨੂੰ ਇਸ ਰੋਸ ਵਿਖਾਵੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਜੁਲਾਈ ਮਹੀਨੇ ਵਿਚ ਕਰਮਚਾਰੀਆਂ ਨੂੰ ਲਗਭਗ 8 ਤੋਂ ਲੈ ਕੇ 13 ਦਿਨ ਤੱਕ ਵਾਧੂ ਕੰਮ ਕੀਤਾ ਤੇ ਇਸ ਵਾਧੂ ਮਿਹਨਤ ਦੇ ਆਧਾਰ ‘ਤੇ ਸਾਰੇ ਗਰੁੱਪਾਂ ਦਾ ਇੰਨਸੈਂਟਿਵ ਕਾਫੀ ਵੱਧ ਬਣਨਾ ਚਾਹੀਦਾ ਸੀ, ਪਰ ਇਸਦੇ ਉਲਟ ਇੰਨਸੈਂਟਿਵ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ | ਉਨ੍ਹਾਂ ਇਸ ਲਈ ਆਰ.ਸੀ.ਐਫ. ਪ੍ਰਸ਼ਾਸਨ, ਵਿਸ਼ੇਸ਼ ਕਰਕੇ ਪੀ.ਸੀ.ਐਮ . ਈ. ਤੇ ਪੀ.ਸੀ.ਐਮ.ਐਮ. ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਜਦੋਂ ਕਰਮਚਾਰੀ ਵਾਧੂ ਸਮਾਂ ਦੇ ਕੇ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਿਚ ਕਟੌਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |