ਪਿੰਡ ਰਣਧੀਰਪੁਰ ਦੇ ਸ਼ਮਸ਼ਾਨਘਾਟ ਦਾ ਰੁਕਿਆ ਕੰਮ ਜਲਦੀ ਚਾਲੂ ਕਰਵਾਇਆ ਜਾਵੇ-ਪਿੰਡ ਵਾਸੀ
ਸੁਲਤਾਨਪੁਰ ਲੋਧੀ, 10 ਅਗਸਤ (ਨਰੇਸ਼ ਹੈਪੀ)-ਇਸ ਸੰਸਾਰ ਜਾਣ ਵਾਲੇ ਵਿਅਕਤੀ ਨੂੰ ਉਸ ਦੇ ਅੰਤਿਮ ਸੰਸਕਾਰ ਲਈ ਢੁਕਵੀਂ ਜਗ੍ਹਾ ਦਾ ਉਪਲਬਧ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਦੀ ਘਾਟ ਪਿੰਡ ਰਣਧੀਰਪੁਰ ਨਿਵਾਸੀਆਂ ਦੇ ਮਨਾਂ ਵਿਚ ਦਿਨ ਰਾਤ ਰੜਕਦੀ ਹੈ ਅਤੇ ਮਿ੍ਤਕ ਦਾ ਸਸਕਾਰ ਕਰਨ ਲਈ ਨਗਰ ਨਿਵਾਸੀਆਂ ਨੂੰ ਨੇੜਲੇ ਪਿੰਡਾਂ ਦੇ ਸ਼ਮਸ਼ਾਨ ਘਾਟ ਦਾ ਸਹਾਰਾ ਲੈਣਾ ਪੈ ਰਿਹਾ ਹੈ | ਇਹ ਜਾਣਕਾਰੀ ਅੱਜ ਪਿੰਡ ਰਣਧੀਰ ਪੁਰ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਨਗਰਵਾਸੀ ਬੀਬੀਆਂ ਅਤੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਨਗਰ ਨਿਵਾਸੀਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਪਹਿਲਾ ਸ਼ਮਸ਼ਾਨ ਘਾਟ ਨਵੇਂ ਬਣ ਰਹੇ ਐਕਸਪੈ੍ਸ ਵੇਅ ਦੇ ਵਿਚ ਆ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਸ਼ਮਸ਼ਾਨ ਘਾਟ ਨਹੀਂ ਹੈ | ਨਗਰ ਨਿਵਾਸੀਆਂ ਦੱਸਿਆ ਕਿ ਬੀਤੇ ਦਿਨੀਂ ਬੀਬੀ ਪਰਮਜੀਤ ਕੌਰ ਪਤਨੀ ਕੇਵਲ ਸਿੰਘ ਦਾ ਦਿਹਾਂਤ ਹੋਣ ਤੇ ਉਨ੍ਹਾਂ ਦਾ ਸਸਕਾਰ ਕਰਨ ਲਈ ਬੜੀ ਪ੍ਰੇਸ਼ਾਨੀ ਪੇਸ਼ ਆਈ ਅਤੇ ਬਹੁਤ ਸਾਰੇ ਪਿੰਡਾਂ ਵਿਚ ਪੰਚਾਇਤਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਸੰਸਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਅਖੀਰ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਦਖ਼ਲ ਦੇਣ ਤੇ ਪਿੰਡ ਗਾਜੀਪੁਰ ਦੇ ਸ਼ਮਸ਼ਾਨ ਘਾਟ ਵਿਖੇ ਸਵਰਗੀ ਬੀਬੀ ਪਰਮਜੀਤ ਕੌਰ ਦਾ ਸਸਕਾਰ ਕੀਤਾ ਗਿਆ ਜਿਸ ਨਾਲ ਨਗਰ ਨਿਵਾਸੀ, ਸਾਕ ਸਬੰਧੀ ਅਤੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆਈ | ਪਿੰਡ ਵਾਸੀਆਂ ਨੇ ਦੱਸਿਆ ਕਿ ਨਵਾਂ ਸ਼ਮਸ਼ਾਨ ਘਾਟ ਬਣਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਨੇੜੇ ਪੰਚਾਇਤੀ ਜ਼ਮੀਨ ਦਾ ਮਤਾ ਪਾਸ ਕਰਵਾ ਕੇ ਉਸ ਤੇ ਪਿਛਲੇ ਸਮੇਂ ਦੌਰਾਨ ਉਸਾਰੀ ਸ਼ੁਰੂ ਕਰਵਾਈ ਗਈ ਸੀ ਪਰ ਉਸਾਰੀ ਦਾ ਕੰਮ ਹੁਣ ਬੰਦ ਪਿਆ ਹੈ | ਨਗਰ ਨਿਵਾਸੀਆਂ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਨਾਲ ਲੱਗਦੇ ਕਿਸਾਨ ਵੱਲੋਂ ਇਸ ਉਸਾਰੀ ਨੂੰ ਇਹ ਕਹਿ ਕੇ ਰੁਕਵਾਇਆ ਗਿਆ ਹੈ ਕਿ ਉਸ ਦੀ ਨੇੜੇ ਜ਼ਮੀਨ ਲੱਗਦੀ ਹੈ, ਇਸ ਜਗ੍ਹਾ ਤੇ ਸ਼ਮਸ਼ਾਨ ਘਾਟ ਨਾ ਬਣਾਇਆ ਜਾਵੇ | ਨਗਰ ਵਾਸੀਆਂ ਦੱਸਿਆ ਕਿ ਪਿੰਡ ਦੀ ਪੰਚਾਇਤ ਕੋਲ ਸਿਰਫ਼ ਇਹ ਹੀ 2 ਕਨਾਲ ਪੰਚਾਇਤੀ ਜ਼ਮੀਨ ਹੈ ਅਤੇ ਹੋਰ ਕੋਈ ਜ਼ਮੀਨ ਨਾ ਹੋਣ ਕਾਰਨ ਸ਼ਮਸ਼ਾਨ ਘਾਟ ਵਾਸਤੇ ਇਹੋ ਜਗ੍ਹਾ ਨਿਯੁਕਤ ਕੀਤੀ ਗਈ ਹੈ ਅਤੇ ਇਸ ਦੀ ਉਸਾਰੀ ਲਈ ਮਨਜ਼ੂਰੀ ਵੀ ਮਿਲ ਚੁੱਕੀ ਹੈ ਪਰ ਕੁੱਝ ਇੱਕ ਲੋਕਾਂ ਦੇ ਰੋਕਣ ਤੇ ਇਹ ਕੰਮ ਬੰਦ ਕੀਤਾ ਹੋਇਆ ਹੈ | ਅੱਜ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਬੀਬੀਆਂ ਅਤੇ ਨੌਜਵਾਨਾਂ ਵੱਲੋਂ ਸ਼ਮਸ਼ਾਨ ਘਾਟ ਦੀ ਜਗ੍ਹਾ ਤੇ ਸਾਫ਼ ਸਫ਼ਾਈ ਕੀਤੀ ਗਈ ਅਤੇ ਮਿੱਟੀ ਨੂੰ ਪੱਧਰਾ ਕਰਨ ਦਾ ਕਾਰਜ ਆਰੰਭ ਕੀਤਾ ਗਿਆ | ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਜਲਦੀ ਸ਼ੁਰੂ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਮਿ੍ਤਕ ਪ੍ਰਾਣੀ ਦਾ ਸਸਕਾਰ ਸਮੇਂ ਸਿਰ ਅਤੇ ਪਿੰਡ ਦੇ ਨੇੜੇ ਹੀ ਕੀਤਾ ਜਾ ਸਕੇ | ਇਸ ਮੌਕੇ ਰੇਸ਼ਮ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ ਪੰਚ, ਸੁਭਾਸ਼ ਸਿੰਘ, ਦਿਲਬਾਗ ਸਿੰਘ, ਲਾਲ ਸਿੰਘ ਪੰਚ, ਬਹਾਦਰ ਸਿੰਘ, ਦਿਲਬਰ ਸਿੰਘ, ਏਕਮਜੀਤ ਸਿੰਘ, ਲਵਪ੍ਰੀਤ ਸਿੰਘ, ਰਣਜੀਤ ਸਿੰਘ, ਬਿੱਕਰ ਸਿੰਘ, ਬਲਵਿੰਦਰ ਕੌਰ ਸਾਬਕਾ ਸਰਪੰਚ, ਅਵਤਾਰ ਸਿੰਘ, ਨਿਰਮਲ ਕੌਰ ਸਾਬਕਾ ਪੰਚ, ਬਲਜੀਤ ਕੌਰ, ਮਨਿੰਦਰ ਕੌਰ, ਕੁਲਵੀਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਬਿੰਦਰ ਕੌਰ, ਜਸਵੀਰ ਕੌਰ, ਬਲਬੀਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਸਿਮਰਨਜੀਤ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ, ਲਖਵਿੰਦਰ ਕੌਰ, ਸ਼ਿੰਦਰ ਕੌਰ, ਕੁਲਵਿੰਦਰ ਕੌਰ, ਦਲਵੀਰ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਮਾਇਆ ਆਦਿ ਨਗਰ ਨਿਵਾਸੀ ਹਾਜ਼ਰ ਸਨ |