ਹਰ ਘਰ ਤਿਰੰਗਾ ਅਭਿਆਨ ਰਾਹੀਂ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਹੋਵੇਗੀ ਮਜ਼ਬੂਤ-ਖੋਜੇਵਾਲ
ਕਪੂਰਥਲਾ, 12 ਅਗਸਤ (ਸਡਾਨਾ) ਭਾਜਪਾ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ,ਅਦਾਰਿਆਂ ਅਤੇ ਕਾਰਜ ਸਥਾਨਾਂ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਵੱਡੀ ਗਿਣਤੀ ਵਿਚ ਹਰ ਘਰ ਤਿਰੰਗਾ ਮੁਹਿੰਮ ਵਿਚ ਸ਼ਾਮਲ ਹੋਣ | ਪਾਰਟੀ ਨੇ ਕਿਹਾ ਕਿ ਇਹ ਪਹਿਲ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰੇਗੀ | ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਤੋਂ 17 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਵਿਚ ਹਿੱਸਾ ਲੈਣ ਅਤੇ ਤਿਰੰਗੇ ਨੂੰ ਹਰ ਘਰ ਅਤੇ ਹਰ ਦਿਲ ਦਾ ਹਿੱਸਾ ਬਣਾਉਣ | ਖੋਜੇਵਾਲ ਨੇ ਕਿਹਾ ਕਿ ਤਿਰੰਗਾ ਭਾਰਤ ਦੇ ਮਾਣ, ਏਕਤਾ ਅਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਹ ਹਰ ਭਾਰਤੀ ਨੂੰ ਦੇਸ਼ ਦੀ ਸੇਵਾ ਵਿਚ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਹਰ ਘਰ ਤਿਰੰਗਾ ਮੁਹਿੰਮ ਹਰ ਵਿਅਕਤੀ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਰਹੀ ਹੈ | ਖੋਜੇਵਾਲ ਨੇ ਕਿਹਾ ਕਿ ਆਓ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਤੇ ਹਰ ਘਰ ਤਿਰੰਗਾ 2026 ਮੁਹਿੰਮ ਵਿਚ ਸ਼ਾਮਲ ਹੋਈਏ ਅਤੇ ਦੇਸ਼ ਭਗਤੀ ਦੇ ਇਸ ਤਿਉਹਾਰ ਦਾ ਜਸ਼ਨ ਮਨਾਈਏ | ਇਸ ਮੌਕੇ ਕੌਂਸਲਰ ਵਿੱਕੀ ਗੁਜਰਾਲ, ਸੀਨੀਅਰ ਭਾਜਪਾ ਆਗੂ ਧਰਮਪਾਲ ਮਹਾਜਨ, ਸਾਬਕਾ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ, ਐਡਵੋਕੇਟ ਪਿਯੂਸ਼ ਮਨਚੰਦਾ, ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਉਲ, ਕਪੂਰ ਸਿੰਘ ਦਿਉਲ ਆਦਿ ਹਾਜ਼ਰ ਸਨ |