ਜਲਵਾਯੂ ਪਰਿਵਰਤਨ ਤੋਂ ਬਚਾਅ ਲਈ ਗੁਰਬਾਣੀ ’ਤੇ ਅਮਲ ਕਰਨਾ ਸਮੇਂ ਦੀ ਲੋੜ-ਸੰਤ ਸੀਚੇਵਾਲ ਸੰਤ ਸੀਚੇਵਾਲ ਵਲੋਂ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਸਮਾਗਮ ਵਿਚ ਸ਼ਿਰਕਤ
ਸੁਲਤਾਨਪੁਰ ਲੋਧੀ, 26 ਅਗਸਤ (ਨਰੇਸ਼ ਹੈਪੀ)-ਇੰਗਲੈਂਡ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 83 ਵੀਂ ਬਰਸੀ ਨੂੰ ਸਮਰਪਿਤ ਸਮਾਗਮ ਵਿਚ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਗੁਰੂ ਸਾਹਿਬ ਦੇ ਉਪਦੇਸ਼ਾਂ ‘ਤੇ ਅਮਲ ਕਰਨ ਅਤੇ ਵਾਤਾਵਰਣ ਦੀ ਸੰਭਾਲ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਸਾਨੂੰ ਸੇਵਾ, ਸਿਮਰਨ, ਪਰਉਪਕਾਰ ਅਤੇ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਉਂਦੀ ਹੈ | ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਪਰਿਵਰਤਨ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਤਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਦੇ ਸੁਨੇਹੇ ‘ਤੇ ਅਮਲ ਕਰਨਾ ਸਮੇਂ ਦੀ ਲੋੜ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਪਹਿਲਾਂ ਹੀ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਸਮਝਾ ਦਿੱਤੀ ਸੀ | ਪਰ ਅੱਜ ਅਸੀਂ ਗੁਰਬਾਣੀ ਨੂੰ ਪੜ੍ਹ ਤਾਂ ਰਹੇ ਹਾਂ ਪਰ ਉਸ ‘ਤੇ ਅਮਲ ਨਹੀਂ ਕਰ ਰਹੇ | ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਕਰਨ ਅਤੇ ਕੁਦਰਤ ਨਾਲ ਆਪਣੀ ਸਾਂਝ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਕੁਦਰਤ ਦੀ ਸੇਵਾ ਦਾ ਸੰਕਲਪ ਲੈਣਾ ਮਹਾਂਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |