ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਲੜਾਈ ਲੜ ਰਹੀ ਹੈ-ਸੱਜਣ ਸਿੰਘ ਚੀਮਾ
ਸੁਲਤਾਨਪੁਰ ਲੋਧੀ, 9 ਸਤੰਬਰ (ਪ. ਪ.)
ਸੁਲਤਾਨਪੁਰ ਲੋਧੀ, 9 ਸਤੰਬਰ (ਪ.ਪ.)-ਪੰਜਾਬ ਵਿਚ ਵਿਰੋਧੀ ਪਾਰਟੀਆਂ ਦੇ ਆਗੂ ਲਾਸ਼ਾਂ ਉੱਪਰ ਗੰਦੀ ਰਾਜਨੀਤੀ ਕਰ ਰਹੀਆਂ ਹਨ ਪਰ ਸੂਬੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਵਿਚ ਨਸ਼ਿਆਂ ਦੀ ਖੇਡ ਕਿਸ ਨੇ ਖੇਡੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਕਿਸ ਨੇ ਧੱਕਿਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਪ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਿਰਤੋੜ ਯਤਨ ਕਰ ਰਹੇ ਹਨ ਪਰ ਪੰਜਾਬ ਵਿਰੋਧੀ ਕੁੱਝ ਅਜਿਹੀਆਂ ਤਾਕਤਾਂ ਹਨ ਜੋ ਸੂਬੇ ਦੇ ਨੌਜਵਾਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਸ਼ਾ ਛਡਾਊ ਸੈਂਟਰ ਵੀ ਚਲਾਏ ਜਾ ਰਹੇ ਜਿੱਥੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਲਿਆਉਣ ਵਿਚ ਪਿਛਲੇ ਸਮੇਂ ਦੌਰਾਨ ਰਾਜ਼ ਕਰਦੀਆਂ ਰਵਾਇਤੀ ਪਾਰਟੀਆਂ ਦੇ ਆਗੂ ਹਨ, ਜਿਨ੍ਹਾਂ ਨੇ ਆਪਣੀਆਂ ਜੇਬਾਂ ਭਰਨ ਦੀ ਖ਼ਾਤਰ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੱਤਾ | ਅੱਜ ਉਹੀ ਸਿਆਸੀ ਲੋਕ ਸੱਚੇ ਹੋਣ ਦੀ ਖ਼ਾਤਰ ਅੱਥਰੂ ਵਹਾਅ ਰਹੇ ਹਨ | ਇਸ ਮੌਕੇ ਆਪ ਦੇ ਰਾਮਗੜ੍ਹੀਆ ਵੈੱਲਫੇਅਰ ਬੋਰਡ ਕਪੂਰਥਲਾ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਸਰਪੰਚ ਸੁਖਵਿੰਦਰ ਸਿੰਘ ਸੌਂਦ, ਰਾਮਗੜ੍ਹੀਆ ਵੈੱਲਫੇਅਰ ਬੋਰਡ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਗੁਰਸ਼ਰਨ ਸਿੰਘ ਬਾਬਰਾ, ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਟਿੱਬਾ, ਸਾਬਕਾ ਸਰਪੰਚ ਗੁਰਵਿੰਦਰ ਕੌਰ, ਬਲਾਕ ਕੋਆਰਡੀਨੇਟਰ ਸੁਖਦੇਵ ਸਿੰਘ ਟਿੱਬਾ, ਸਰਪੰਚ ਬਿਕਰਮ ਸਿੰਘ ਉੱਚਾ ਆਦਿ ਹਾਜ਼ਰ ਸਨ |