ਫਗਵਾੜਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਪਹਿਲੀ ਵਾਰ ਮਹਿਲਾ ਵਕੀਲ ਮੈਦਾਨ ’ਚ ਅੱਜ ਹੋਣਗੀਆਂ ਚੋਣਾਂ, 174 ਵਕੀਲ ਕਰਨਗੇ ਵੋਟ ਦਾ ਇਸਤੇਮਾਲ
ਫਗਵਾੜਾ, 10 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਬਾਰ ਐਸੋਸੀਏਸ਼ਨ ਦੀ ਅੱਜ ਹੋਣ ਵਾਲੀ ਚੋਣ ਕਾਫ਼ੀ ਖ਼ਾਸ ਬਣ ਗਈ ਹੈ ਕਿਉਂਕਿ ਪਹਿਲੀ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਮਹਿਲਾ ਵਕੀਲ ਚੋਣ ਮੈਦਾਨ ’ਚ ਉੱਤਰੀ ਹੈ | ਸਥਾਨਕ ਤਹਿਸੀਲ ਕੰਪਲੈਕਸ ‘ਚ 174 ਐਡਵੋਕੇਟ ਵੋਟਰਾਂ ਨਾਲ ਉਮੀਦਵਾਰਾਂ ਵੱਲੋਂ ਸੰਪਰਕ ਕਰਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪ੍ਰਧਾਨਗੀ ਲਈ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਅਤੇ ਐਡਵੋਕੇਟ ਸੰਜੀਵ ਅਗਨੀਹੋਤਰੀ ਵਿਚਕਾਰ ਮੁਕਾਬਲਾ ਹੈ | ਉਪ ਪ੍ਰਧਾਨ ਲਈ ਗੁਰਦੀਪ ਸੰਗਰ ਤੇ ਐਡਵੋਕੇਟ ਆਸ਼ੀਸ਼ ਸ਼ਰਮਾ, ਜਦਕਿ ਮਹਿਲਾ ‘ਚ ਐਡਵੋਕੇਟ ਧਨਦੀਪ ਕੌਰ ਤੇ ਪ੍ਰੀਤ ਮੱਟੂ ਵਿਚਕਾਰ ਮੁਕਾਬਲਾ ਹੋਵੇਗਾ | ਜਨਰਲ ਸਕੱਤਰ ਲਈ ਐਡਵੋਕੇਟ ਰੀਨਾ ਰਾਣੀ ਬਰਾੜ ਤੇ ਐਡਵੋਕੇਟ ਪ੍ਰਭਜੋਤ ਸਿੰਘ, ਕੈਸ਼ੀਅਰ ਲਈ ਐਡਵੋਕੇਟ ਸਨੀ ਦੇਵ ਤੇ ਐਡਵੋਕੇਟ ਨਿਤਿਸ਼ ਭਾਰਦਵਾਜ ਤੇ ਜੁਆਇੰਟ ਸਕੱਤਰ ਲਈ ਨਵਨੀਤ ਕੌਰ ਤੇ ਰੇਨੰੂ ਤਿਵਾੜੀ ਆਹਮੋ-ਸਾਹਮਣੇ ਹਨ | ਦੋਵੇਂ ਪ੍ਰਧਾਨਗੀ ਉਮੀਦਵਾਰਾਂ ਦੇ ਚੋਣ ਮਨੋਰਥ ਪੱਤਰ ‘ਚ ਕੋਰਟ ਕੰਪਲੈਕਸ ਵਿਚ ਪੀਣ ਵਾਲੇ ਪਾਣੀ, ਸਾਫ਼ ਪਖਾਨਿਆਂ, ਮੈਡੀਕਲ ਸਹੂਲਤ, ਨਵੇਂ ਵਕੀਲਾਂ ਲਈ ਚੈਂਬਰ, ਨਵੀਂ ਬਿਲਡਿੰਗ ਦੀ ਉਸਾਰੀ, ਈ-ਲਾਇਬ੍ਰੇਰੀ ਤੇ ਹੋਰ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ ਗਿਆ ਹੈ | ਪਹਿਲੀ ਵਾਰ ਪ੍ਰਧਾਨਗੀ ਲਈ ਮੈਦਾਨ ‘ਚ ਉੱਤਰੀ ਐਡਵੋਕੇਟ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਨੌਜਵਾਨ ਤੇ ਨਵੇਂ ਵਕੀਲਾਂ ਦਾ ਹੌਸਲਾ ਵਧਾਉਣ ਲਈ ਚੋਣ ਲੜ ਰਹੀ ਹੈ | ਉਨ੍ਹਾਂ ਕਿਹਾ ਕਿ ਬਾਰ ਦੇ ਫ਼ੰਡਾਂ ‘ਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਤੇ ਵਕੀਲਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਫ਼ੰਡ ਕਿੱਥੇ ਅਤੇ ਕਿਵੇਂ ਖ਼ਰਚ ਕੀਤੇ ਜਾ ਰਹੇ ਹਨ |