ਕਾਰ ਨੂੰ ਬਚਾਉਂਦਿਆਂ ਟੈਂਪੂ ਟਰੈਵਲ ਪਲਟਿਆ, ਵਾਲ-ਵਾਲ ਬਚੀਆਂ ਸਵਾਰੀਆਂ
ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)- ਮਨੀਮਹੇਸ਼ ਤੋਂ ਨਵਾਂਸ਼ਹਿਰ ਸਵਾਰੀਆਂ ਲੈ ਕੇ ਜਾ ਰਿਹਾ ਟੈਂਪੂ ਟਰੈਵਲ ਫਗਵਾੜਾ ਬਾਈਪਾਸ ’ਤੇ ਹਾਦਸਾਗ੍ਰਸਤ ਹੋ ਕੇ ਪਲਟ ਗਿਆ | ਹਾਦਸੇ ਦੌਰਾਨ ਟੈਂਪੂ ਟਰੈਵਲ ਵਿਚ ਸਵਾਰ ਸਾਰੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ | ਟੈਂਪੂ ਟਰੈਵਲ ਦੇ ਡਰਾਈਵਰ ਸੁਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਉਹ ਮਨੀਮਹੇਸ਼ ਤੋਂ ਸਵਾਰੀਆਂ ਲੈ ਕੇ ਨਵਾਂਸ਼ਹਿਰ ਵੱਲ ਜਾ ਰਹੇ ਸਨ | ਜਦੋਂ ਉਹ ਫਗਵਾੜਾ ਬਾਈਪਾਸ ‘ਤੇ ਪੁੱਜੇ ਤਾਂ ਪਿੱਛੋਂ ਆ ਰਹੀ ਇੱਕ ਬਲੀਨੋ ਕਾਰ ਨੇ ਪਹਿਲਾਂ ਉਨ੍ਹਾਂ ਦੇ ਟੈਂਪੂ ਟਰੈਵਲ ਦੇ ਬੰਪਰ ਨੂੰ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਡਿਵਾਈਡਰ ਨਾਲ ਜਾ ਟਕਰਾਈ | ਟੱਕਰ ਤੋਂ ਬਾਅਦ ਕਾਰ ਘੁੰਮ ਗਈ | ਉਨ੍ਹਾਂ ਦੱਸਿਆ ਕਿ ਅਚਾਨਕ ਵਾਪਰੀ ਘਟਨਾ ਕਾਰਨ ਉਨ੍ਹਾਂ ਨੇ ਤੁਰੰਤ ਬ੍ਰੇਕ ਲਗਾ ਦਿੱਤੀ, ਜਿਸ ਨਾਲ ਟੈਂਪੂ ਟਰੈਵਲ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਿਆ | ਹਾਲਾਂਕਿ ਖ਼ੁਸ਼ਕਿਸਮਤੀ ਨਾਲ ਟੈਂਪੂ ਟਰੈਵਲ ਵਿਚ ਸਵਾਰ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ | ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਬਲੀਨੋ ਕਾਰ ਵਿਚ ਸਵਾਰ ਵਿਅਕਤੀ ਪੁਲੀਸ ਮੁਲਾਜ਼ਮ ਸਨ ਅਤੇ ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ | ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ |