ਰੇਲ ਕੋਚ ਫ਼ੈਕਟਰੀ ’ਚ ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਦੀ ਸ਼ੁਰੂਆਤ
ਕਪੂਰਥਲਾ, 17 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਅੱਜ ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਦੀ ਸ਼ੁਰੂਆਤ ਹੋਈ | ਇਸ ਮੌਕੇ ਆਰ. ਸੀ.
ਕਪੂਰਥਲਾ, 17 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਅੱਜ ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਦੀ ਸ਼ੁਰੂਆਤ ਹੋਈ | ਇਸ ਮੌਕੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ | ਆਰ.ਸੀ.ਐਫ. ਦੇ ਵੱਖ-ਵੱਖ ਵਿਭਾਗਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪੋ ਆਪਣੇ ਕਾਰਜ ਸਥਾਨਾਂ ‘ਤੇ ਸਮੂਹਿਕ ਤੌਰ ‘ਤੇ ਸਵੱਛਤਾ ਪ੍ਰਤੀ ਵਚਨਬੱਧਤਾ ਦੁਹਰਾਈ | ਸਮਾਗਮ ਨੂੰ ਸੰਬੋਧਨ ਕਰਦਿਆਂ ਅਜੈ ਨੰਦਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੇ ਕਾਰਜ ਸਥਾਨਾਂ ਤੋਂ ਇਲਾਵਾ ਆਰ.ਸੀ.ਐਫ. ਦੇ ਕੰਪਲੈਕਸ, ਨੇੜਲੇ ਖੇਤਰਾਂ ਤੇ ਆਪਣੇ ਘਰਾਂ ਵਿਚ ਸਵੱਛਤਾ ਬਣਾਈ ਰੱਖਣ ਤੇ ਹੋਰਾਂ ਨੂੰ ਵੀ ਸਵੱਛਤਾ ਬਾਰੇ ਜਾਗਰੂਕ ਕਰਨ | ਆਰ.ਸੀ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੌਰਾਨ ਵਰਕਸ਼ਾਪ ਦਫ਼ਤਰਾਂ, ਸਟਾਫ਼ ਕਲੋਨੀ ਤੇ ਹੋਰ ਜਨਤਕ ਥਾਵਾਂ ‘ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ ਤੇ ਇਸੇ ਦੌਰਾਨ ਹੀ ਠੋਸ ਕਚਰਾ ਪ੍ਰਬੰਧਨ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਚ ਕਮੀ, ਸਵੱਛਤਾ ਸਬੰਧੀ ਜਾਗਰੂਕਤਾ ਤੇ ਸਵੱਛ ਕਾਰਜ ਸਥਾਨ ਵਰਗੇ ਵਿਸ਼ਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਬੁਲਾਰਿਆਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸਵੱਛਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ, ਸੈਲਫੀ ਪੁਆਇੰਟ, ਘਰ ਘਰ ਜਾਗਰੂਕਤਾ ਤੇ ਹੋਰ ਜਨਤਕ ਭਾਗੀਦਾਰੀ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਬੁਲਾਰਿਆਂ ਨੇ ਦੱਸਿਆ ਕਿ ਆਰ.ਸੀ.ਐਫ. ਦੇ ਖੇਡ ਸਟੇਡੀਅਮ, ਹੈਰੀਟੇਜ ਪਾਰਕ, ਕਮਿਊਨਿਟੀ ਹਾਲ, ਸ਼ਾਪਿੰਗ ਕੰਪਲੈਕਸ ਤੇ ਜਨਤਕ ਪਖਾਨਿਆਂ ਆਦਿ ਸਥਾਨਾਂ ‘ਤੇ ਵੀ ਸਵੱਛਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤੇ ਇਸੇ ਦੌਰਾਨ ਵੇਸਟ ਟੂ ਆਰਟ ਵਰਗੀਆਂ ਪਹਿਲਕਦਮੀਆਂ ਰਾਹੀਂ ਬੇਕਾਰ ਪਲਾਸਟਿਕ, ਧਾਤੂ ਸਕਰੈਪ, ਈ-ਵੇਸਟ, ਲੱਕੜ ਤੇ ਕਾਗ਼ਜ਼ ਆਦਿ ਨੂੰ ਰਚਨਾਤਮਿਕ ਤੇ ਉਪਯੋਗੀ ਕਲਾ ਵਸਤਾਂ ਵਿਚ ਬਦਲਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਪੰਦਰਵਾੜਾ 15 ਅਕਤੂਬਰ ਤੱਕ ਮਨਾਇਆ ਜਾਵੇਗਾ |