ਸਕੂਲਾਂ ਵਿਚ ਮਿਡ-ਡੇ-ਮੀਲ ਦੀ ਰਾਸ਼ੀ ਜਲਦ ਨਾ ਭੇਜੀ ਤਾਂ ਇੱਕ ਹਫ਼ਤੇ ਬਾਅਦ ਇਸ ਦਾ ਬਾਈਕਾਟ ਹੋਵੇਗਾ-ਜੀ.ਟੀ.ਯੂ
ਸੁਲਤਾਨਪੁਰ ਲੋਧੀ,22 ਸਤੰਬਰ (ਪ. ਪ.)
ਸੁਲਤਾਨਪੁਰ ਲੋਧੀ,22 ਸਤੰਬਰ (ਪ.ਪ.)-ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦੇਣ ਲਈ ਚੱਲ ਰਹੀ ਮਿਡ-ਡੇ-ਮੀਲ ਸਕੀਮ ਦੀ ਰਾਸ਼ੀ ਨਾ ਆਉਣ ਕਾਰਨ ਗੌਰਮਿੰਟ ਟੀਚਰ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਇਸ ਦਾ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਮੁੱਚੇ ਰੂਪ ਵਿਚ ਬਾਈਕਾਟ ਕੀਤਾ ਜਾਵੇਗਾ | ਇਸ ਸਬੰਧੀ ਗੌਰਮਿੰਟ ਟੀਚਰ ਯੂਨੀਅਨ ਦੀ ਸੁਲਤਾਨਪੁਰ ਲੋਧੀ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਅਧਿਆਪਕ ਖੱਜਲ ਖ਼ੁਆਰ ਹੋ ਰਹੇ ਹਨ ਅਤੇ ਆਪਣੀਆਂ ਜੇਬਾਂ ਵਿਚੋਂ ਪੈਸਾ ਖ਼ਰਚ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪੈਸੇ ਦੀ ਅਦਾਇਗੀ ਕਰਨ ਲਈ ਨਵਾਂ ਸਿਸਟਮ ਸ਼ੁਰੂ ਕੀਤੇ ਜਾਣ ਕਾਰਨ ਅਧਿਆਪਕ ਬਿੱਲ ਤਿਆਰ ਕਰਨ ਵਿਚ ਬੁਰੀ ਤਰ੍ਹਾਂ ਉਲਝੇ ਹੋਏ ਹਨ | ਇਸ ਮੌਕੇ ਜਥੇਬੰਦੀ ਨੇ ਸਰਕਾਰ ਵੱਲੋਂ ਬੀਤੇ ਦਿਨੀਂ ਸਾਂਝੇ ਮੁਲਾਜ਼ਮ ਫ਼ਰੰਟ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਖੇਡੀ ਗਈ ਚਾਲ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ | ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦਾ ਨਵਾਂ ਝੰਡਾ ਅਧਿਆਪਕਾਂ ਦੇ ਸੰਘਰਸ਼ ਨੂੰ ਸਮਰਪਿਤ ਕਰਦਿਆਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਅਸ਼ਵਨੀ ਕੁਮਾਰ, ਅੰਮਿ੍ਤਪਾਲ ਸਿੰਘ ਲੋਹੀਆਂ, ਜਗਜੀਤ ਸਿੰਘ ਰਾਜੂ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਪ੍ਰਦੀਪ ਸਿੰਘ ਘੁੰਮਾਣ, ਅਵਤਾਰ ਸਿੰਘ, ਸ਼ਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਬੂਲਪੁਰ ਆਦਿ ਹਾਜ਼ਰ ਸਨ |