ਭਾਜਪਾ ਵਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ
ਕਪੂਰਥਲਾ, 27 ਸਤੰਬਰ (ਵਿ. ਪ੍ਰ.)
ਕਪੂਰਥਲਾ, 27 ਸਤੰਬਰ (ਵਿ.ਪ੍ਰ.)-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਾਜਪਾ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ | ਇਨ੍ਹਾਂ ਹੁਕਮਾਂ ਤਹਿਤ 27 ਸਤੰਬਰ ਤੋਂ 29 ਸਤੰਬਰ ਤੱਕ ਸਬ-ਡਵੀਜ਼ਨ ਸੁਲਤਾਨਪੁਰ ਲੋਧੀ, ਭੁਲੱਥ ਅਤੇ ਕਪੂਰਥਲਾ ਵਿਚ ਯਾਤਰਾ ਦੇ ਰੂਟ, ਰੈਲੀ ਅਤੇ ਸਮਾਗਮ ਵਾਲੀਆਂ ਥਾਵਾਂ ਦੇ 500 ਮੀਟਰ ਦੇ ਘੇਰੇ ਅੰਦਰ ਡਰੋਨ, ਅਨਮੈਨਡ ਏਰੀਅਲ ਵਹੀਕਲਜ਼ ਜਾਂ ਕਿਸੇ ਵੀ ਤਰ੍ਹਾਂ ਦੇ ਰਿਮੋਟ ਕੰਟਰੋਲਡ ਮਾਈਕ੍ਰੋਲਾਈਟ ਏਅਰਕ੍ਰਾਫਟ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ | ਹੁਕਮਾਂ ਅਨੁਸਾਰ ਇਹ ਯਾਤਰਾ 27 ਸਤੰਬਰ ਨੂੰ ਫ਼ਿਰੋਜ਼ਪੁਰ ਤੋਂ ਚੱਲ ਕੇ ਸ਼ਾਮ ਸੁਲਤਾਨਪੁਰ ਲੋਧੀ ਵਿਖੇ ਪੁੱਜੇਗੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗੀ | 28 ਸਤੰਬਰ ਨੂੰ ਪੁਰਾਣਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਰੈਲੀ ਕਰਨ ਉਪਰੰਤ ਇਹ ਯਾਤਰਾ ਤਲਵੰਡੀ ਚੌਧਰੀਆਂ ਸਮੇਤ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਸਬ-ਡਵੀਜ਼ਨ ਭੁਲੱਥ ਦੇ ਕਸਬਾ ਢਿਲਵਾਂ ਤੇ ਨਡਾਲਾ ਪੁੱਜੇਗੀ | ਨਡਾਲਾ ਵਿਖੇ ਰੈਲੀ ਤੋਂ ਬਾਅਦ ਇਹ ਯਾਤਰਾ ਸੁਭਾਨਪੁਰ ਅਤੇ ਕਾਂਜਲੀ ਆਦਿ ਰਸਤਿਆਂ ਰਾਹੀਂ ਹੁੰਦੀ ਹੋਈ ਕਪੂਰਥਲਾ ਸ਼ਹਿਰ ਪੁੱਜੇਗੀ| ਇੱਥੇ ਚਾਰ ਬੱਤੀ ਚੌਕ ਨੇੜੇ ਰੈਲੀ ਕਰਨ ਮਗਰੋਂ ਸਨਾਤਨ ਧਰਮ ਸਭਾ ਵਿਖੇ ਰਾਤ ਦਾ ਠਹਿਰਾਅ ਕੀਤਾ ਜਾਵੇਗਾ| 29 ਸਤੰਬਰ ਨੂੰ ਇਹ ਯਾਤਰਾ ਸਨਾਤਨ ਧਰਮ ਸਭਾ ਤੋਂ ਰਵਾਨਾ ਹੋ ਕੇ ਆਰ.ਸੀ.ਐੱਫ. ਅਤੇ ਡਡਵਿੰਡੀ ਤੋਂ ਹੁੰਦੀ ਹੋਈ ਮਲਸੀਆਂ-ਨਕੋਦਰ ਜ਼ਿਲ੍ਹਾ ਜਲੰਧਰ ਵੱਲ ਰਵਾਨਾ ਹੋ ਜਾਵੇਗੀ | ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਦੇ ਹੁਕਮ ਪੁਲਿਸ ਵਿਭਾਗ, ਭਾਰਤੀ ਫ਼ੌਜ, ਸੀ.ਏ.ਪੀ.ਐੱਫ. ਜਾਂ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਵਰਤੇ ਜਾਣ ਵਾਲੇ ਡਰੋਨਾਂ ਉੱਪਰ ਲਾਗੂ ਨਹੀਂ ਹੋਣਗੇ |