ਕਿਸ਼ਤੀ ਦੌੜਾਂ ਦੇ ਮੁਕਾਬਲੇ ਕੱਲ੍ਹ ਤੋਂ, ਤਿਆਰੀਆਂ ਮੁਕੰਮਲ-ਪੰਜਾਬ ਭਰ ਤੋਂ ਟੀਮਾਂ ਲੈਣਗੀਆਂ ਹਿੱਸਾ
ਸੁਲਤਾਨਪੁਰ ਲੋਧੀ, 9 ਅਕਤੂਬਰ (ਨਰੇਸ਼ ਹੈਪੀ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕੈਕਿੰਗ-ਕਨੋਇੰਗ ਦੇ ਚਾਰ ਰੋਜ਼ਾ ਕਿਸ਼ਤੀ ਮੁਕਾਬਲੇ ਭਲਕੇ 10 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ | ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਖਿਡਾਰੀ ਅਤੇ ਟੀਮਾਂ ਇਨ੍ਹਾਂ ਜਲ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲਈ ਸੁਲਤਾਨਪੁਰ ਲੋਧੀ ਪਹੁੰਚਣਗੀਆਂ | ਮੁਕਾਬਲਿਆਂ ਦੀ ਰਸਮੀ ਸ਼ੁਰੂਆਤ 10 ਅਕਤੂਬਰ ਨੂੰ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਵੱਲੋਂ ਕੀਤੀ ਜਾਵੇਗੀ | ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ | ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ 4 ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਕਰੀਬ 16 ਤੋਂ 20 ਜ਼ਿਲਿ੍ਹਆਂ ਦੇ ਖਿਡਾਰੀ ਹਿੱਸਾ ਲੈਣਗੇ | ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਅਧੀਨ ਕਰਵਾਏ ਜਾਣਗੇ, ਜਿਨ੍ਹਾਂ ਵਿਚ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਸਾਲ ਅਤੇ 31 ਤੋਂ 40 ਸਾਲ ਉਮਰ ਵਰਗ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਖੇਡ ਵਿਭਾਗ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਖਿਡਾਰੀਆਂ ਦੀ ਸਹੂਲਤ, ਸੁਰੱਖਿਆ ਅਤੇ ਮੁਕਾਬਲਿਆਂ ਦੇ ਸੁਚਾਰੂ ਸੰਚਾਲਨ ਲਈ ਅਧਿਕਾਰੀਆਂ ਅਤੇ ਸਟਾਫ਼ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੂਰੀ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਨ | ਜ਼ਿਕਰਯੋਗ ਹੈ ਕਿ ਇਹ ਕੈਕਿੰਗ-ਕਨੋਇੰਗ ਮੁਕਾਬਲੇ ਜ਼ਿਲ੍ਹਾ ਖੇਡ ਵਿਭਾਗ, ਪੰਜਾਬ ਵੱਲੋਂ ਪਵਿੱਤਰ ਵੇਈਂ ਦੇ ਕਿਨਾਰੇ ਸਥਿਤ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਖੇ ਕਰਵਾਏ ਜਾ ਰਹੇ ਹਨ |