ਪਿੰਡ ਮੰਗਾ ਰੋਡਾ ਵਿਖੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ ਜਾਣ-ਗੁਰਮੀਤ ਲਾਲ ਬਿੱਟੂ
ਕਪੂਰਥਲਾ, 9 ਅਕਤੂਬਰ (ਵਿ. ਪ੍ਰ.)
ਕਪੂਰਥਲਾ, 9 ਅਕਤੂਬਰ (ਵਿ.ਪ੍ਰ.)-ਏਕਤਾ ਪਾਰਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ’ਚ ਹੋਈ ਜਿਸ ਵਿਚ ਪਿੰਡਾਂ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਤੇ ਸਰਕਾਰੀ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਗੁਰਮੀਤ ਲਾਲ ਬਿੱਟੂ ਨੇ ਦੱਸਿਆ ਕਿ ਪਿੰਡ ਮੰਗਾ ਰੋਡਾ ਦੀ ਸਰਪੰਚ ਬਲਵਿੰਦਰ ਕੌਰ ਵਲੋਂ ਲੋਕ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਪਿੰਡ ਵਿਚ ਕੁਝ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ ਪਰ ਕਥਿਤ ਰਾਜਨੀਤਿਕ ਦਖ਼ਲਅੰਦਾਜ਼ੀ ਕਾਰਨ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਪਿੰਡ ਮੰਗਾ ਰੋਡ ’ਚ ਬੰਦ ਕੀਤੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਸੋਮਵਾਰ ਤੱਕ ਮੁੜ ਵਿਕਾਸ ਕਾਰਜਾਂ ਦੀ ਸ਼ੁਰੂਆਤ ਨਾ ਹੋਈ ਤਾਂ ਏਕਤਾ ਪਾਰਟੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕਰੇਗਾ | ਮੀਟਿੰਗ ਵਿਚ ਰਾਹੁਲ, ਜਸਪ੍ਰੀਤ, ਰਾਜਵਿੰਦਰ, ਗੁਰਪ੍ਰੀਤ ਸਿੰਘ, ਅਜੈ ਪਾਲ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਸਰਪੰਚ ਬਲਵਿੰਦਰ ਕੌਰ, ਨੀਲਮ ਅਤੇ ਹੋਰ ਹਾਜ਼ਰ ਸਨ |