ਕਿਸਾਨ ਯੂਨੀਅਨ ਖੋਸਾ (ਰਜਿ:) ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਹੋਈ
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ (ਰਜਿ :) ਦੀ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਕਿਸਾਨ ਆਗੂ ਸੁਰਿੰਦਰ ਸਿੰਘ ਸ਼ੇਰਗਿੱਲ ਖੱਸਣ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬੋਲਦਿਆਂ ਕਿਸਾਨ ਆਗੂ ਸੁਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਠੀਕ ਰੱਖਣ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਰਕਾਰ ਧਿਆਨ ਦੇਵੇ , ਉਨ੍ਹਾਂ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਪਰਵਿੰਦਰ ਸਿੰਘ ਝੋਟੇ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ਕਿ ਪਰਵਿੰਦਰ ਸਿੰਘ ਝੋਟੇ ਨੂੰ ਨਸ਼ਿਆਂ ਦੇ ਵਿਕਰੇਤਾ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦੇਣਾ ਬਹੁਤ ਨਿੰਦਣਯੋਗ ਕਾਰਨਾਮਾ ਹੈ | ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ, ਸੂਬਾ ਪੰਜਾਬ ਅੰਦਰ ਨਸ਼ਿਆਂ ਦੇ ਵਿਕੇ੍ਰਤਾਵਾਂ ਖ਼ਿਲਾਫ਼ ਕਾਰਵਾਈ ਕਰਕੇ ਸੂਬਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਵਧੇਰੇ ਲੋੜ ਹੈ | ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਮੰਗ ਕਰਦਿਆਂ ਕਿਹਾ, ਕਿ ਝੋਨੇ ਦੀ ਨਮੀ ਦੀ ਮਾਤਰਾ 17 ਪ੍ਰਤੀਸ਼ਤ ਰੱਖੀ ਗਈ ਹੈ , ਇਹ ਘੱਟੋ ਘੱਟ 19 ਪ੍ਰਤੀਸ਼ਤ ਕੀਤੀ ਜਾਵੇ, ਕਿਉਂਕਿ ਜਦੋਂ ਬੇਮੌਸਮੀ ਝੋਨੇ ਦੀ ਕਟਾਈ ਸਮੇਂ ਬਾਰਿਸ਼ ਪੈ ਜਾਂਦੀ ਹੈ , ਤੇ ਉਸ ਨਾਲ ਹਵਾ ਵਿਚ ਨਮੀ ਦੀ ਮਾਤਰਾ ਵਧ ਹੋਣ ਕਰਕੇ ਝੋਨੇ ਵਿਚ ਨਮੀ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਤੰਤਰ ਨੂੰ ਮੁਕੰਮਲ ਤੌਰ ਤੇ ਮਜ਼ਬੂਤ ਬਣਾ ਕੇ ਰੱਖਣ ਲਈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੇ ਪੰਜਾਬ ਅੰਦਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਤੇ ਇਸ ਦੇ ਜ਼ਿੰਮੇਵਾਰੀ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਉਨ੍ਹਾਂ ਕਿਹਾ ਕਿ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ, ਕਿ ਸੂਬਾ ਪੰਜਾਬ ਅੰਦਰ ਜੋ ਸੜਕਾਂ ਤੇ ਨਿਰਮਾਣ ਦਾ ਕੰਮ ਉਸਾਰੀ ਅਧੀਨ ਹੈ, ਜਲਦ ਮੁਕੰਮਲ ਕਰਕੇ ਪੂਰਿਆਂ ਕੀਤਾ ਜਾਵੇ | ਇਸ ਮੌਕੇ ਗੁਰਚਰਨ ਸਿੰਘ ਖੱਸਣ, ਇੰਸਪੈਕਟਰ ਜਨਕ ਰਾਜ, ਦਰਬਾਰਾ ਸਿੰਘ, ਇੰਦਰਜੀਤ ਸਿੰਘ ਮਾਨਾ ਤਲਵੰਡੀ, ਮਨਜਿੰਦਰ ਸਿੰਘ, ਕਿਸਾਨ ਆਗੂ, ਦਸਤਾਰ ਸਿੰਘ ਕੰਗ ਬਾਗਵਾਨਪੁਰ, ਦਲਜੀਤ ਸਿੰਘ ਲਿੱਟਾਂ ਤੇ ਹੋਰ ਹਾਜ਼ਰ ਸਨ |