ਬਾਤੁਮੀ (ਜਾਰਜੀਆ), 25 ਜੁਲਾਈ- ਗ੍ਰੈਂਡਮਾਸਟਰ ਕੋਨੇਰੂ ਹੰਪੀ ਨੇ ਐਫ਼.ਆਈ.ਡੀ.ਈ. ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਵਿਚ ਚੀਨ ਦੀ ਟਿੰਗਜੀ ਲੇਈ ਨੂੰ ਹਰਾ ਦਿੱਤਾ ਤੇ ਹੁਣ ਫਾਈਨਲ ਵਿਚ ਉਹ ਆਪਣੀ ਹਮਵਤਨ ਦਿਵਿਆ ਦੇਸ਼ਮੁਖ ਦਾ ਸਾਹਮਣਾ ਕਰੇਗੀ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਫਾਈਨਲ ਵਿਚ ਥਾਂ ਬਣਾਉਣ ਵਾਲੇ ਹੰਪੀ ਤੇ ਦਿਵਿਆ ਅਗਲੇ ਸਾਲ ਹੋਣ ਵਾਲੇ ਮਹਿਲਾ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ। ਆਮ ਸਮੇਂ ਦੇ ਨਿਯੰਤਰਣ ਅਧੀਨ ਪਹਿਲੇ ਦੋ ਮੈਚ ਡਰਾਅ ਕਰਨ ਤੋਂ ਬਾਅਦ, ਹੰਪੀ ਨੂੰ ਟਾਈਬ੍ਰੇਕਰ ਵਿਚ 1-1 ਦੇ ਡਰਾਅ ਨਾਲ ਸਬਰ ਕਰਨਾ ਪਿਆ, ਜਿਸ ਵਿਚ ਦੋਵਾਂ ਖਿਡਾਰੀਆਂ ਲਈ 15 ਮਿੰਟ ਦੇ ਦੋ ਗੇਮ ਸ਼ਾਮਿਲ ਸਨ ਅਤੇ ਵਾਧੂ ਸਮਾਂ ਵੀ ਸ਼ਾਮਿਲ ਸੀ। ਅਗਲੇ ਦੋ ਟਾਈਬ੍ਰੇਕ ਗੇਮ 10 ਮਿੰਟ ਦੇ ਸਨ। ਲੇਈ ਨੇ ਲੀਡ ਲੈਣ ਲਈ ਪਹਿਲਾ ਗੇਮ ਜਿੱਤਿਆ ਪਰ ਹੰਪੀ ਮੁਸ਼ਕਿਲ ਸਥਿਤੀ ਵਿਚ ਹੋਣ ਦੇ ਬਾਵਜੂਦ, ਦੂਜਾ ਗੇਮ ਜਿੱਤ ਕੇ ਮੈਚ ਦੁਬਾਰਾ ਬਰਾਬਰ ਕਰ ਦਿੱਤਾ।
ਟਾਈਬ੍ਰੇਕ ਗੇਮਾਂ ਦੇ ਤੀਜੇ ਸੈੱਟ ਵਿਚ, ਹੰਪੀ ਨੇ ਪਹਿਲੇ ਗੇਮ ਵਿਚ ਚਿੱਟੇ ਮੋਹਰਿਆਂ ਨਾਲ ਸ਼ੁਰੂਆਤ ਕੀਤੀ ਅਤੇ ਲੇਈ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪਹਿਲਾ ਗੇਮ ਜਿੱਤਣ ਤੋਂ ਬਾਅਦ, ਹੰਪੀ ਨੂੰ ਫਾਈਨਲ ਵਿਚ ਪਹੁੰਚਣ ਲਈ ਸਿਰਫ਼ ਇਕ ਡਰਾਅ ਦੀ ਲੋੜ ਸੀ ਅਤੇ ਉਸ ਨੇ ਖਿਤਾਬੀ ਮੈਚ ਵਿਚ ਥਾਂ ਬਣਾਉਣ ਲਈ ਇਸ ਨੂੰ ਜਿੱਤ ਲਿਆ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਕਿਸੇ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਦੇ ਖਿਲਾਫ਼ ਖੇਡੇਗਾ।
ਇਸ ਤੋਂ ਪਹਿਲਾਂ, 19 ਸਾਲਾ ਅੰਤਰਰਾਸ਼ਟਰੀ ਮਾਸਟਰ ਦਿਵਿਆ ਦੇਸ਼ਮੁਖ ਨੇ ਐਫ਼.ਆਈ.ਡੀ.ਆਈ. ਮਹਿਲਾ ਵਿਸ਼ਵ ਸ਼ਤਰੰਜ ਕੱਪ ਦੇ ਸੈਮੀਫਾਈਨਲ ਦੇ ਦੂਜੇ ਗੇਮ ਵਿਚ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਝੋਂਗਈ ਟੈਨ ਨੂੰ ਹਰਾਇਆ ਅਤੇ ਮਿੰਨੀ ਮੈਚ 1.5-0.5 ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦਿਲਚਸਪ ਗੱਲ ਇਹ ਹੈ ਕਿ ਦਿਵਿਆ ਪਹਿਲੀ ਵਾਰ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਹੈ। ਕੁਆਰਟਰ ਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਚੀਨ ਦੀ ਜੋਨਰ ਝੂ ਅਤੇ ਫਿਰ ਹਮਵਤਨ ਗ੍ਰੈਂਡਮਾਸਟਰ ਡੀ ਹਰਿਕਾ ਨੂੰ ਹਰਾਉਣ ਤੋਂ ਬਾਅਦ ਦਿਵਿਆ ਨੇ ਇਸ ਮੁਕਾਬਲੇ ਵਿਚ ਦਬਦਬਾ ਬਣਾਇਆ।