ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੀਆਂ ਸਬ-ਡਵੀਜ਼ਨਾਂ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਵਿਚ ਲਗਭਗ ਦਰਿਆ ਬਿਆਸ ਵਿਚ ਆਏ ਹੜ੍ਹ ਨਾਲ 28 ਹਜ਼ਾਰ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ, ਜਿਸ ਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਗਿਰਦਾਵਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਹਰਦੀਪ ਸਿੰਘ ਮੁੰਡੀਆਂ ਮਾਲ ਮੰਤਰੀ ਮੁੜ ਵਸੇਬਾ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦੇਣ ਮੌਕੇ ਕਹੀ।
ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨੂੰ ਮੁੱਖ ਰੱਖਦਿਆਂ ਪ੍ਰਭਾਵਿਤ ਖੇਤਰਾਂ ਵਿਚੋਂ ਐਸ.ਡੀ.ਆਰ.ਐਫ. ਤੇ ਫ਼ੌਜ ਦੀ ਸਹਾਇਤਾ ਨਾਲ 240 ਪਰਿਵਾਰਾਂ ਨੂੰ ਉਨ੍ਹਾਂ ਦੇ ਜ਼ਰੂਰੀ ਸਾਮਾਨ ਸਮੇਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਲੱਖ ਵਰਿਆਂਹ, ਆਹਲੀ ਕਲਾਂ, ਤਲਵੰਡੀ ਕੂਕਾਂ ਤੇ ਫ਼ਜ਼ਲਾਬਾਦ ਵਿਖੇ ਰਾਹਤ ਕੇਂਦਰ ਚੱਲ ਰਹੇ ਹਨ ਜਿਨ੍ਹਾਂ ਵਿਚ 110 ਦੇ ਕਰੀਬ ਲੋਕ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਰਾਹਤ ਕੇਂਦਰ ਵਿਚ ਰਾਸ਼ਨ, ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਐਸ.ਡੀ.ਆਰ.ਐਫ. ਦੀਆਂ ਦੋ ਟੀਮਾਂ ਤੇ ਫ਼ੌਜ ਦੀਆਂ ਟੀਮਾਂ ਜਿਸ ਵਿਚ 40 ਜਵਾਨ ਤਾਇਨਾਤ ਹਨ, 15 ਕਿਸ਼ਤੀਆਂ ਰਾਹੀਂ ਮੰਡ ਖੇਤਰ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹੁਣ ਤੱਕ 1250 ਰਾਸ਼ਨ ਦੇ ਪੈਕੇਟ ਤਕਸੀਮ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਸੰਭਾਲ ਲਈ 8 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਸ਼ੂਧਨ ਦੀ ਸੰਭਾਲ ਲਈ ਵੈਟਰਨਰੀ ਡਾਕਟਰਾਂ ਦੀਆਂ 6 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਟੀਮਾਂ ਵਲੋਂ 100 ਤੋਂ ਵੱਧ ਪਸ਼ੂਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਵੀਡੀਓ ਕਾਨਫ਼ਰੰਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।