ਸ੍ਰੀ ਮੁਕਤਸਰ ਸਾਹਿਬ, 2 ਅਗਸਤ (ਰਣਜੀਤ ਸਿੰਘ ਢਿੱਲੋਂ)- ਹਰ ਬੂਥ, ਕਾਂਗਰਸ ਮਜ਼ਬੂਤ ਮੁਹਿੰਮ ਤਹਿਤ 3 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦੋਰੇ ਤੋਂ ਪਹਿਲਾਂ ਸ਼ਹਿਰ ਵਿਚ ਲੱਗੇ ਵੱਖ-ਵੱਖ ਪੋਸਟਰ ਚਰਚਾ ਦਾ ਵਿਸ਼ਾ ਬਣ ਗਏ ਹਨ।
ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਚੌਂਕਾਂ ਅਤੇ ਕੰਧਾਂ ਤੇ ਸ਼ਾਮ ਮੌਕੇ ਵੱਖ-ਵੱਖ ਨਾਅਰਿਆਂ ਵਾਲੇ ਪੋਸਟਰ ਲੱਗੇ ਵੇਖਣ ਨੂੰ ਮਿਲੇ। ਜਿਸ ਵਿਚ ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ।ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਸਰਕਾਰ ਆਦਿ ਪੋਸਟਰ ਸ਼ਹਿਰ ਦੀਆਂ ਕੰਧਾਂ ਤੇ ਚਿਪਕਾਏ ਗਏ ਹਨ। ਦੌਰੇ ਤੋਂ ਪਹਿਲਾਂ ਇਸ ਤਰਾਂ ਦੇ ਲੱਗੇ ਪੋਸਟਰ ਅਤੇ ਬੋਰਡਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕਾਂਗਰਸ ਪਾਰਟੀ ਵਿਚ ਆਏ ਦਿਨ ਫੁੱਟ ਵਧ ਰਹੀ ਹੈ।