ਸੰਗਰੂਰ, 4 ਅਗਸਤ (ਧੀਰਜ ਪਸੋਰੀਆ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਵਿਚੋ ਦੀ ਲੰਘਦੇ ਸਰਹਿੰਦ ਦੇ ਤਿੰਨ ਪੁਲਾਂ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਇਹ ਮੁੱਦੇ ਨੂੰ ਉਠਾਉਂਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪਿੰਡ ਸੰਤੋਖਪੁਰਾ ਨੇੜਲੇ ਪੁਲ ਦੀ ਹਾਲਤ ਬਹੁਤ ਖਸਤਾ ਹੈ ਇਸ ਨੂੰ ਨਵੇਂ ਬਣਾਏ ਜਾਣ ਦੀ ਜ਼ਰੂਰਤ ਹੈ ਜਦਕਿ ਖੇੜੀ ਚੰਦਵਾਂ ਅਤੇ ਘਾਬਦਾਂ ਵਾਲੇ ਪੁਲਾਂ ਦੀ ਹਾਲਤ ਇਹ ਹੈ ਕਿ ਬਰਸਾਤਾਂ ਦੇ ਦੌਰਾਨ ਪਾਣੀ ਪੁਲਾਂ ਦੇ ਉਪਰ ਦੀ ਹੋ ਜਾਂਦਾ ਹੈ ਜਿਸ ਕਾਰਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਰਾਜ ਨੇ ਕਿਹਾ ਕਿ ਜਦੋਂ ਇਸ ਸਬੰਧੀ ਬੀ. ਐਂਡ. ਆਰ. ਵਿਭਾਗ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਇਕਮ ਜਲ ਸਰੋਤ ਵਿਭਾਗ ਕਰੇਗਾ। ਇਸ ਦੇ ਜਵਾਬ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਹ ਪੁੱਲ ਬੀ. ਐਂਡ. ਆਰ. ਨੇ ਬਣਾਏ ਹੋਏ ਹਨ, ਅਸੀ ਨੋ ਓਬਜੈਕਸਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਉਹ ਹੀ ਇਹ ਕੰਮ ਕਰਨਗੇ।