ਅਜਨਾਲਾ (ਅੰਮ੍ਰਿਤਸਰ), 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਅਜਨਾਲਾ ਵਿਖੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਸਿੱਖਿਆ ਬਲਾਕ ਅਜਨਾਲਾ-1, ਅਜਨਾਲਾ-2, ਚੁਗਾਵਾਂ-1 ਅਤੇ ਚੁਗਾਵਾਂ-2 ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ, ਪ੍ਰਮੁੱਖ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ, ਯਾਦਮਨਿੰਦਰ ਸਿੰਘ ਧਾਰੀਵਾਲ ਅਤੇ ਸਰਬਜੋਤ ਸਿੰਘ ਵਿਛੋਆ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ 7 ਅਗਸਤ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਦੇ ਨਾਲ ਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਹਰੇਕ ਬਲਾਕ ਵਿਚ ਵੱਧ ਤੋਂ ਵੱਧ ਅਧਿਆਪਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸਥਾਰਪੂਰਵਕ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਕਿਹਾ ਕਿ ਚੰਡੀਗੜ੍ਹ ਮਹਾਂ ਰੈਲੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਲੋਂ ਰਿਕਾਰਡ ਤੋੜ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਭੁਲੇਖੇ ਵਿਚ ਨਾ ਰਹੇ, ਕਿਉਂਕਿ ਮੁਲਾਜ਼ਮ ਆਪਣੇ ਹੱਕ ਹਰ ਹਾਲ ਵਿਚ ਲੈ ਕੇ ਰਹਿਣਗੇ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦਾ ਢੁੱਕਵਾਂ ਹੱਲ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਕਤ ਆਗੂਆਂ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਵਿੱਚ ਰੈਲੀ ਨੂੰ ਲੈ ਕੇ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਜ਼ਾਰਾਂ ਅਧਿਆਪਕ ਚੰਡੀਗੜ੍ਹ ਮਹਾਂ ਰੈਲੀ ਵਿੱਚ ਸ਼ਮੂਲੀਅਤ ਕਰਨਗੇ।ਇਸ ਮੌਕੇ ਯਾਦਮਨਿੰਦਰ ਸਿੰਘ ਧਾਰੀਵਾਲ, ਪਰਮਬੀਰ ਸਿੰਘ ਰੋਖੇ, ਸਰਬਜੋਤ ਸਿੰਘ ਵਿਛੋਆ, ਜਗਮੋਹਨ ਸਿੰਘ ਅਜਨਾਲਾ, ਜਤਿੰਦਰ ਸਿੰਘ ਲਾਵੇਂ, ਸੁਖਜਿੰਦਰ ਸਿੰਘ ਦੂਜੋਵਾਲ, ਨਵਜੋਤ ਸਿੰਘ ਲਾਡਾ, ਸੁਖਵਿੰਦਰ ਸਿੰਘ ਤੇੜੀ, ਜਸਵਿੰਦਰਪਾਲ ਸਿੰਘ ਚਮਿਆਰੀ, ਬਲਜੀਤ ਸਿੰਘ ਮੱਲ੍ਹੀ, ਧਰਮਿੰਦਰ ਸਿੰਘ, ਬਿਕਰਮ ਸਿੰਘ ਮਟੀਆ, ਕੰਵਲਜੀਤ ਸਿੰਘ ਰੋਖੇ, ਗੁਰਪ੍ਰੀਤ ਸਿੰਘ ਭੱਖਾ, ਬਲਜੀਤ ਸਿੰਘ ਧਾਰੀਵਾਲ, ਮਨਜੋਬਨ ਸਿੰਘ ਭੋਏਵਾਲੀ, ਅਮਨਦੀਪ ਸਿੰਘ ਪਵਾਰ, ਬਿਕਰਮਜੀਤ ਸਿੰਘ ਰੋਖੇ, ਦਲਜਿੰਦਰ ਸਿੰਘ, ਇੰਦਰਪਾਲ ਸਿੰਘ ਬੋਹਲੀਆਂ, ਅਮਨਦੀਪ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਆਗੂ ਅਤੇ ਅਧਿਆਪਕ ਹਾਜ਼ਰ ਸਨ।