ਨਵੀਂ ਦਿੱਲੀ, 5 ਅਗਸਤ- ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦਾ 13ਵਾਂ ਦਿਨ ਹੈ। 31 ਜੁਲਾਈ ਤੋਂ ਰਾਮ ਮੰਦਰ ਚੜ੍ਹਾਵਾ ਚੋਰੀ ਦੇ ਮੁੱਦੇ 'ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਲਗਾਤਾਰ ਹੰਗਾਮਾ ਹੋ ਰਿਹਾ ਹੈ। ਮੰਗਲਵਾਰ ਨੂੰ ਲੋਕ ਸਭਾ ਵਿਚ ਟੈਕਸੇਸ਼ਨ ਅਤੇ ਹੋਰ ਕਾਨੂੰਨ (ਸੋਧ) ਬਿੱਲ ਪਾਸ ਕੀਤਾ ਗਿਆ। ਇਸ ਸੈਸ਼ਨ ਲਈ ਅੱਠ ਬਿੱਲ ਸੂਚੀਬੱਧ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਤਿੰਨ ਦੋਵਾਂ ਸਦਨਾਂ ਵਿਚ ਪਾਸ ਹੋ ਗਏ ਹਨ। ਵੰਦੇ ਮਾਤਰਮ ਬਿੱਲ, ਜਨਤਕ ਪ੍ਰੀਖਿਆ ਸੋਧ ਬਿੱਲ (ਪੇਪਰ ਲੀਕ) ਅਤੇ ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ ਦੋਵਾਂ ਸਦਨਾਂ ਵਿਚ ਪਾਸ ਹੋ ਚੁੱਕੇ ਹਨ।
ਇਸ ਦੌਰਾਨ ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, ਆਮਦਨ ਟੈਕਸ (ਸੋਧ) ਬਿੱਲ, ਐਮ.ਐਸ.ਐਮ.ਈ. ਵਿਕਾਸ (ਸੋਧ) ਬਿੱਲ, ਵਿਦੇਸ਼ੀ ਯੋਗਦਾਨ (ਐਫਸੀਆਰਏ) ਸੋਧ ਬਿੱਲ ਅਤੇ ਵਿਕਾਸ ਭਾਰਤ ਸਿੱਖਿਆ ਪ੍ਰਤਿਸ਼ਠਾਨ ਬਿੱਲ ਨੂੰ ਅਜੇ ਤੱਕ ਸੰਸਦੀ ਪ੍ਰਵਾਨਗੀ ਨਹੀਂ ਮਿਲੀ ਹੈ। ਸਰਕਾਰ ਅੱਜ ਦੋਵਾਂ ਸਦਨਾਂ ਵਿਚ ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਵਿਚਕਾਰ ਬਹਿਸ ਹੋਈ। ਖੜਗੇ ਨੇ ਕਿਹਾ ਕਿ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਗਠਨ ਕੇਂਦਰ ਸਰਕਾਰ ਨੇ ਕੀਤਾ ਸੀ। 70 ਏਕੜ ਤੋਂ ਵੱਧ ਜ਼ਮੀਨ ਟਰੱਸਟ ਨੂੰ ਸੌਂਪ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਖੁਦ ਰਾਮ ਮੰਦਰ ਨਾਲ ਸੰਬੰਧਿਤ ਹਰ ਸਮਾਗਮ ਵਿਚ ਸ਼ਾਮਿਲ ਹੋਏ। ਈ.ਡੀ., ਸੀ.ਬੀ.ਆਈ. ਅਤੇ ਹੋਰ ਕੇਂਦਰੀ ਜਾਂਚ ਏਜੰਸੀਆਂ ਹੁਣ ਕਿੱਥੇ ਹਨ?