ਚੋਗਾਵਾਂ/ਅੰਮ੍ਰਿਤਸਰ, 15 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਸਰਕਾਰ ਦੀ ਪ੍ਰਮੁੱਖ ਲੋਕ-ਭਲਾਈ ਯੋਜਨਾ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਹਲਕਾ ਇੰਚਾਰਜ ਸੋਨੀਆ ਮਾਨ ਦੀ ਯੋਗ ਅਗਵਾਈ ਹੇਠ ਪਿੰਡ ਬਹਿੜਵਾਲ ਤੋਂ ਸ਼ਰਧਾਲੂਆਂ ਦੀ ਇਕ ਬੱਸ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ।
ਇਸ ਯਾਤਰਾ ਬੱਸ ਨੂੰ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਅਤੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤ ਪਾਲ ਸਿੰਘ ਸ਼ਹੂਰਾ ਨੇ ਸਾਂਝੇ ਤੌਰ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਬਿਨ੍ਹਾਂ ਕਿਸੇ ਖ਼ਰਚੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੀ ਹੈ।
ਸਰਕਾਰ ਵਲੋਂ ਯਾਤਰੀਆਂ ਦੇ ਰਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਸਾਰਾ ਖ਼ਰਚਾ ਖ਼ੁਦ ਉਠਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਫ਼ਰ ਦੌਰਾਨ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਮੈਂਬਰ ਧਰਮਿੰਦਰ ਸਿੰਘ, ਮੈਂਬਰ ਖੁਸ਼ਬੀਰ ਸਿੰਘ, ਪੰਜਾਬ ਸਿੰਘ, ਰਣਜੋਤ ਸਿੰਘ ਅਤੇ ਗੁਰਭੇਜ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਇਸ ਨੇਕ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।