ਜ਼ੀਰਕਪੁਰ, 4 ਨਵੰਬਰ (ਮਨਿੰਦਰ ਸਿੰਘ)- ਬਲਟਾਣਾ ਸਥਿਤ ਫਰਨੀਚਰ ਮਾਰਕੀਟ ਵਿਚ ਇਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਦੇਖਦੇ ਹੀ ਦੇਖਦੇ ਮਾਰਕੀਟ ਦੇ ਕਰੀਬ 22 ਫਰਨੀਚਰ ਸ਼ੈੱਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਕਾਰਨ ਸ਼ੈੱਡਾਂ ਵਿਚ ਪਿਆ ਫਰਨੀਚਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਕਾਰੋਬਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੂਰੀ ਮਾਰਕੀਟ ਵਿਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਦੇਖ ਕੇ ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਵਿਚ ਦਹਿਸ਼ਤ ਫੈਲ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਨਾ ਦਿੱਤੀ ਗਈ। ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਕਈ ਸ਼ੈੱਡ ਇਸ ਦੀ ਲਪੇਟ ਵਿਚ ਆ ਗਏ ਅਤੇ ਉਨ੍ਹਾਂ ਵਿਚ ਰੱਖਿਆ ਸਾਮਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਬਲਟਾਣਾ ਦੀ ਇਸ ਫਰਨੀਚਰ ਮਾਰਕੀਟ ਵਿਚ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਨੇ ਇੱਥੇ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪੀੜਤ ਕਾਰੋਬਾਰੀਆਂ ਨੇ ਪ੍ਰਸ਼ਾਸਨ ਤੋਂ ਮਾਰਕੀਟ ਵਿਚ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਕਰਨ, ਫਾਇਰ ਸੇਫਟੀ ਦੇ ਨਿਯਮ ਲਾਗੂ ਕਰਵਾਉਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।