ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2013

ਦਿੱਲੀ ਸਮੂਹਿਕ ਜਬਰ ਜਨਾਹ ਚਾਰੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 14-09-2013

 ► ਸਜ਼ਾ ਸੁਣ ਕੇ ਇਕ ਦੋਸ਼ੀ ਰੋਇਆ ਜਦਕਿ ਤਿੰਨ ਨੇ ਸਜ਼ਾ ਮੁਆਫ਼ੀ ਲਈ ਪਾਇਆ ਰੌਲਾ ► ਦੋਸ਼ੀ ਹਾਈ ਕੋਰਟ 'ਚ ਕਰਨਗੇ ਅਪੀਲ 

ਨਵੀਂ ਦਿੱਲੀ, 13 ਸਤੰਬਰ (ਓਪਮਾ ਡਾਗਾ ਪਾਰਥ, ਏਜੰਸੀਆਂ ਰਾਹੀਂ)-ਦਿੱਲੀ ਦੀ ਫਾਸਟ ਟਰੈਕ ਅਦਾਲਤ ਨੇ 16 ਦਸੰਬਰ 2012 ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਅਦਾਲਤ ਦਾ ਕਹਿਣਾ ਕਿ ਇਸ ਤਰ੍ਹਾਂ ਦੇ ਗੰਭੀਰ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਵਧੀਕ ਸੈਸ਼ਨ ਜੱਜ ਯੋਗੇਸ਼ ਖੰਨਾ ਨੇ ਮਾਮਲੇ ਦਾ ਫ਼ੈਸਲਾ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ | ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਰੋਹ ਫੈਲ ਗਿਆ ਸੀ ਜਿਸ ਕਾਰਨ ਸਰਕਾਰ ਨੂੰ ਜਬਰ ਜਨਾਹ ਵਿਰੋਧੀ ਸਖਤ ਕਾਨੂੰਨ ਬਣਾਉਣ ਲਈ ਮਜਬੂਰ ਹੋਣਾ ਪਿਆ ਸੀ | ਮਾਨਯੋਗ ਜੱਜ ਨੇ ਕਿਹਾ ਕਿ ਦੂਸਰੇ ਜੁਰਮਾਂ 'ਤੇ ਚਰਚਾ ਕਰਨ ਤੋਂ ਇਲਾਵਾ ਉਹ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) 'ਤੇ ਆਉਂਦੇ ਹਨ | ਇਹ ਗੈਰ ਮਨੁੱਖੀ ਕਿਸਮ ਦਾ ਅਪਰਾਧ ਹੈ ਅਤੇ ਉਨ੍ਹਾਂ ਨੇ ਜੋ ਗੰਭੀਰ ਅਪਰਾਧ ਕੀਤਾ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਚਾਰੇ ਮੁਜ਼ਰਿਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ | ਮਾਨਯੋਗ ਜੱਜ ਨੇ ਕਿਹਾ ਕਿ ਮੁਕੇਸ਼ (26), ਅਕਸ਼ੇ ਠਾਕੁਰ (28), ਪਵਨ ਗੁਪਤਾ (19) ਤੇ ਵਿਨੇ ਸ਼ਰਮਾ (20) ਵਲੋਂ ਕੀਤਾ ਅਪਰਾਧ ਵਿਲੱਖਣ ਤੋਂ ਵਿਲੱਖਣ ਸ਼੍ਰੇਣੀ ਵਿਚ ਆਉਂਦਾ ਹੈ ਜਿਸ ਲਈ ਸਿਰਫ ਫਾਂਸੀ ਹੀ ਇਸ ਦੀ ਸਜ਼ਾ ਹੈ | 23 ਸਾਲ ਪੈਰਾ ਮੈਡੀਕਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਅਦਾਲਤ ਨੇ 10 ਸਤੰਬਰ ਨੂੰ ਚਾਰੇ ਮੁਲਜਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ | ਇਸ ਮਾਮਲੇ ਵਿਚ ਵੱਧ ਤੋਂ ਵੱਧ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਅਦਾਲਤ ਇਸ ਤਰ੍ਹਾਂ ਦੇ ਘਿਨੌਣੇ ਅਪਰਾਧ ਲਈ ਅੱਖਾਂ ਨਹੀਂ ਮੀਚ ਸਕਦੀ | ਉਨ੍ਹਾਂ ਕਿਹਾ ਕਿ ਜਦੋਂ ਦਿਨ ਪ੍ਰਤੀ ਦਿਨ ਔਰਤਾਂ ਖਿਲਾਫ ਅਪਰਾਧ ਵਧ ਰਹੇ ਹਨ ਤਾਂ ਇਸ ਮੌਕੇ ਅਦਾਲਤ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀ | ਅਦਾਲਤ ਨੇ ਆਪਣੇ ਹੁਕਮ ਦਾ ਇਕ ਹਿੱਸਾ ਪੜ੍ਹਦਿਆਂ ਕਿਹਾ ਕਿ ਜਿਸ ਤਰ੍ਹਾਂ ਪੀੜਤ ਨਾਲ ਜਬਰ ਜਨਾਹ ਪਿੱਛੋਂ ਕਤਲ ਕਰਕੇ ਘਿਨੌਣੀ ਦਰਿੰਦਗੀ ਦਿਖਾਈ ਗਈ ਹੈ ਉਸ ਨੂੰ ਦੇਖਦੇ ਹੋਏ ਇਸ ਲਈ ਸਜ਼ਾ ਵੀ ਮਿਸਾਲੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਮਲਾ ਵਿਲੱਖਣ ਤੋਂ ਵਿਲੱਖਣ ਸ਼੍ਰੇਣੀ ਵਿਚ ਆਉਂਦਾ ਹੈ | ਅਦਾਲਤ ਨੇ ਕਿਹਾ ਕਿ ਹੁਣ ਅਜਿਹਾ ਸਮਾਂ ਚਲ ਰਿਹਾ ਹੈ ਜਦੋਂ ਔਰਤਾਂ ਖਿਲਾਫ ਗੰਭੀਰ ਅਪਰਾਧ ਸਾਹਮਣੇ ਆ ਰਹੇ ਹਨ ਤਾਂ ਇਹ ਨਿਆਂਪਾਲਿਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਔਰਤਾਂ ਵਿਚ ਭਰੋਸਾ ਪੈਦਾ ਕਰੇ | ਇਸ ਮੌਕੇ ਲੜਕੀ ਦੀ ਮਾਂ, ਪਿਤਾ ਅਤੇ ਦੋ ਭਰਾ ਮੌਜੂਦ ਸਨ | ਫਾਂਸੀ ਦੀ ਸਜ਼ਾ ਸੁਣ ਕੇ ਵਿਨੇ ਰੋਣ ਲੱਗ ਪਿਆ ਜਦਕਿ ਬਾਕੀ ਦੇ ਦੋਸ਼ੀ ਮੁਕੇਸ਼, ਪਵਨ ਤੇ ਅਕਸ਼ੇ ਮੁਆਫੀ ਲਈ ਰੌਲਾ ਪਾਉਣ ਲੱਗ ਪਏ | ਰੱਖਿਆ ਪੱਖ ਦੇ ਵਕੀਲਾਂ 'ਚੋਂ ਇਕ ਏ. ਪੀ. ਸਿੰਘ ਵੀ ਰਹਿਮ ਕਰਨ ਦੀ ਮੰਗ ਲਈ ਉਨ੍ਹਾਂ ਦੇ ਨਾਲ ਰਲ ਗਏ |
ਅਦਾਲਤ ਨੇ ਉਨ੍ਹਾਂ ਨੂੰ ਲੁੱਟਮਾਰ ਵਿਚ ਕਤਲ ਦੇ ਦੋਸ਼ਾਂ ਤੋਂ ਬਰੀ ਕਰਦਿਆਂ ਕਤਲ ਤੋਂ ਇਲਾਵਾ ਚਾਰੇ ਦੋਸ਼ੀਆਂ ਨੂੰ ਸਮੂਹਿਕ ਜਬਰ ਜਨਾਹ, ਗੈਰ ਕੁਦਰਤੀ ਅਪਰਾਧ, ਕਤਲ ਦਾ ਯਤਨ, ਲੁੱਟਮਾਰ, ਸਬੂਤ ਨਸ਼ਟ ਕਰਨ, ਸਾਜਿਸ਼, ਕਤਲ ਦੇ ਇਰਾਦੇ ਨਾਲ ਅਗਵਾ ਕਰਨ ਲਈ ਵੀ ਦੋਸ਼ੀ ਠਹਿਰਾਇਆ ਸੀ | ਮੁਕੇਸ਼ ਦੇ ਵਕੀਲ ਵੀ. ਕੇ ਅਨੰਦ ਦਾ ਕਹਿਣਾ ਕਿ ਉਹ ਫ਼ੈਸਲਾ ਦੇ ਸਤਿਕਾਰ ਕਰਦੇ ਹਨ ਅਤੇ ਉਹ ਇਸ ਦੇ ਖਿਲਾਫ ਦਿੱਲੀ ਹਾਈ ਕੋਰਟ ਵਿਚ ਅਪੀਲ ਕਰਨਗੇ | ਵਿਸ਼ੇਸ਼ ਸਰਕਾਰੀ ਵਕੀਲ ਦਯਾਨ ਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਕੰਮ ਕੀਤਾ ਹੈ ਅਤੇ ਅਸੀਂ ਫ਼ੈਸਲੇ ਤੋਂ ਖੁਸ਼ ਹਾਂ | ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਦੇ ਕਮਰੇ ਦੇ ਬਾਹਰ ਇੰਤਜ਼ਾਰ ਕਰ ਰਹੇ ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਵਿਨੇ ਦੇ ਵਕੀਲ ਏ. ਪੀ. ਸਿੰਘ ਨੇ ਕਿਹਾ ਕਿ ਜੇਕਰ ਇਸ ਫ਼ੈਸਲੇ ਪਿੱਛੋਂ ਅਗਲੇ ਦੋ ਮਹੀਨੇ ਜਬਰ ਜਨਾਹ ਦਾ ਕੋਈ ਮਾਮਲਾ ਨਾ ਵਾਪਰਿਆ ਤਾਂ ਉਸ ਪਿੱਛੋਂ ਹੀ ਉਹ ਅਦਾਲਤ 'ਚ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਚਾਹੁੰਦਾ ਹੈ ਕਿ ਇਹ ਮਾਮਲਾ ਜਬਰ ਜਨਾਹ ਵਾਪਰਨ ਤੋਂ ਰੋਕਣ ਦਾ ਮਾਮਲਾ ਬਣੇ ਤਾਂ ਉਹ ਕੋਈ ਜੁਰਮ ਵਾਪਰਨ ਲਈ ਦੋ ਮਹੀਨਿਆਂ ਦੀ ਉਡੀਕ ਕਰਨਗੇ | ਜੇਕਰ ਇਸ ਮਿਸਾਲੀ ਮਾਮਲੇ ਵਿਚ ਮੌਤ ਦੀ ਸਜ਼ਾ ਦੇਣ ਨਾਲ ਦੇਸ਼ ਵਿਚ ਕੋਈ ਜਬਰ ਜਨਾਹ ਦਾ ਮਾਮਲਾ ਸਾਹਮਣੇ ਨਹੀਂ ਆਉਂਦਾ ਤਾਂ ਉਹ ਲਿਖਤੀ ਰੂਪ ਕਹਿਣਗੇ ਕਿ ਉਸ ਦੇ ਸਾਇਲਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ | ਸਾਕੇਤ ਅਦਾਲਤ ਵਿਚ ਦੁਪਿਹਰ ਦੇ ਖਾਣੇ ਤੋਂ ਬਾਅਦ ਸਾਰਾ ਕੰਮ ਰੁਕ ਗਿਆ ਅਤੇ ਅਦਾਲਤ ਦੇ ਸਟਾਫ ਮੈਂਬਰ ਅਤੇ ਮਾਮਲੇ ਦੀ ਪੈਰਵੀ ਕਰ ਰਹੀਆਂ ਧਿਰਾਂ ਸਜ਼ਾ ਬਾਰੇ ਫ਼ੈਸਲੇ ਦੀ ਗੁਹ ਨਾਲ ਉਡੀਕ ਕਰਨ ਲੱਗ ਪਈਆਂ | 6 ਮੰਜ਼ਿਲਾ ਅਦਾਲਤੀ ਇਮਾਰਤ ਦੇ ਰਸਤੇ ਲੋਕਾਂ ਨਾਲ ਭਰੇ ਹੋਏ ਸਨ | ਅਦਾਲਤ ਦੇ ਫ਼ੈਸਲੇ ਨੂੰ ਸੁਣਨ ਲਈ ਅਦਾਲਤ ਦੇ ਬਾਹਰ ਇਕੱਤਰ ਹੋਏ ਲੋਕਾਂ ਦੇ ਇਕ ਗਰੁੱਪ ਨੇ ਫ਼ੈਸਲਾ ਸੁਣਾਏ ਜਾਣ ਪਿੱਛੋਂ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਨਾਬਾਲਗ ਜਿਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਤਿੰਨ ਸਾਲ ਦੀ ਸਜ਼ਾ ਦਿੱਤੀ ਹੈ ਨੂੰ ਵੀ ਫਾਂਸੀ 'ਤੇ ਲਟਕਾਇਆ ਜਾਣਾ ਚਾਹੀਦਾ ਹੈ | ਪਿਛਲੇ ਸਾਲ 16 ਦਸੰਬਰ ਦੀ ਰਾਤ ਨੂੰ ਰਾਮ ਸਿੰਘ, ਵਿਨੇ, ਅਕਸ਼ੇ, ਪਵਨ, ਮੁਕੇਸ਼ ਅਤੇ ਜੁਵੇਨਾਈਲ ਨੇ ਲੜਕੀ ਅਤੇ ਉਸ ਦੇ ਦੋਸਤ ਲੜਕੇ ਨੂੰ ਭਰਮਾਉਣ ਪਿੱਛੋਂ ਚਲਦੀ ਬੱਸ ਵਿਚ ਲੜਕੀ ਨਾਲ ਜਬਰਜਨਾਹ ਕੀਤਾ ਸੀ ਅਤੇ ਲੜਕੇ 'ਤੇ ਵੀ ਹਮਲਾ ਕੀਤਾ ਸੀ | ਇਸ ਹਮਲੇ ਵਿਚ ਲੜਕੇ ਦੀ ਲੱਤ ਟੁੱਟ ਗਈ ਅਤੇ ਲੜਕੀ ਦੀ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ | 34 ਸਾਲਾ ਰਾਮ ਸਿੰਘ ਨੇ ਮਾਰਚ ਮਹੀਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ |
ਜਦੋਂ ਦੋਸ਼ੀਆਂ ਦੇ ਵਕੀਲਾਂ ਨੇ ਸ਼ਿੰਦੇ ਖਿਲਾਫ਼ ਅਰਜ਼ੀ ਦਾਖ਼ਲ ਕੀਤੀ
ਅੱਜ ਅਦਾਲਤ ਵਿਚ ਦੋ ਦੋਸ਼ੀਆਂ ਦੇ ਵਕੀਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਬਿਆਨ ਦੇਣ 'ਤੇ ਉਸ ਦੇ ਖਿਲਾਫ ਅਰਜੀ ਦਾਖਲ ਕੀਤੀ, ਜਿਸ ਨੂੰ ਅਦਾਲਤ ਨੇ ਖਾਰਜ਼ ਕਰ ਦਿੱਤਾ | ਦੋਸ਼ੀਆਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਪਿਛਲੇ ਦਿਨੀਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਬਿਆਨ ਦੇ ਕੇ ਅਦਾਲਤ ਤੋਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਅਤੇ ਅਦਾਲਤ ਨੇ ਗ੍ਰਹਿ ਮੰਤਰੀ ਦੇ ਦਬਾਅ ਵਿਚ ਫੈਸਲਾ ਕੀਤਾ ਹੈ | ਮਾਣਯੋਗ ਜੱਜ ਨੇ ਵਕੀਲਾਂ ਦੇ ਇਸ ਇਤਰਾਜ਼ ਨੂੰ ਖਾਰਜ਼ ਕਰਦਿਆਂ ਆਪਣਾ ਫੈਸਲਾ ਸੁਣਾਇਆ |
ਪੀੜਤਾ ਦੇ ਪਿੰਡ ਵਾਸੀ ਵੀ ਫ਼ੈਸਲੇ ਤੋਂ ਖੁਸ਼
ਬਾਲੀਆ (ਉੱਤਰ ਪ੍ਰਦੇਸ਼), (ਏਜੰਸੀ)-ਦਿੱਲੀ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਅਦਾਲਤ ਵੱਲੋਂ ਫ਼ਾਂਸੀ ਦਾ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੀੜ੍ਹਤਾ ਦੇ ਜੱਦੀ ਪਿੰਡ ਦੇ ਲੋਕ ਵੀ ਖੁਸ਼ ਹਨ | ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੀੜ੍ਹਤਾ ਦੇ ਪਿੰਡ ਵਾਸੀਆਂ ਨੇ ਮੋਮਬੱਤੀਆਂ ਜਗਾਈਆਂ ਤੇ ਮਠਿਆਈਆਂ ਵੰਡੀਆਂ | ਪੀੜ੍ਹਤਾ ਦੇ ਪਿੰਡ ਮੇਡਾਵਰ ਕਲਾਂ ਦੇ ਲੋਕ ਭਾਵੇਂ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਸੰਘਰਸ਼ ਕਰ ਰਹੇ ਸਨ ਪਰ ਉਨ੍ਹਾਂ ਦਾ ਸਾਰਾ ਧਿਆਨ ਇਸ ਮਾਮਲੇ 'ਚ ਆਉਣ ਵਾਲੇ ਫ਼ੈਸਲੇ ਵੱਲ ਸੀ ਤੇ ਉਹ ਅੱਜ ਸਵੇਰੇ ਤੋਂ ਹੀ ਟੀ. ਵੀ. ਸੈੱਟਾਂ ਸਾਹਮਣੇ ਫ਼ੈਸਲੇ ਦੇ ਇੰਤਜ਼ਾਰ 'ਚ ਬੈਠੇ ਰਹੇ | ਜਿਉਂ ਹੀ ਟੀ. ਵੀ. 'ਤੇ ਇਸ ਮਾਮਲੇ 'ਚ ਫ਼ੈਸਲੇ ਦੀ ਖ਼ਬਰ ਆਈ ਤਾਂ ਸਾਰੇ ਪਿੰਡ 'ਚ ਢੋਲ ਦੀ ਆਵਾਜ਼ ਗੂੰਜ ਗਈ ਤੇ ਸਭ ਨੇ ਖੁਸ਼ੀਆਂ ਮਨਾਈਆਂ |
ਅਦਾਲਤ ਨੇ ਕੀਤਾ ਕਸਾਬ ਦਾ ਜ਼ਿਕਰ
ਅਦਾਲਤ ਨੇ ਦੋਸ਼ੀਆਂ ਦੀ ਉਮਰ ਦੇ ਲਿਹਾਜ ਨਾਲ ਅਤੇ ਸਾਫ ਸੁਥਰੇ ਪਿਛੋਕੜ ਦੇ ਆਧਾਰ 'ਤੇ ਨਰਮੀ ਵਰਤਣ ਦੀ ਕੀਤੀ ਬੇਨਤੀ ਰੱਦ ਕਰਦਿਆਂ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ 25 ਸਾਲ ਮੁਹੰਮਦ ਅਜਮਲ ਅਮੀਰ ਕਸਾਬ ਦੀ ਮੌਤ ਦੀ ਸਜ਼ਾ ਦਾ ਜ਼ਿਕਰ ਕੀਤਾ | ਚਾਰੇ ਦੋਸ਼ੀਆਂ ਦੀ ਬੇਨਤੀ ਖਾਰਜ ਕਰਦਿਆਂ ਮਾਨਯੋਗ ਜੱਜ ਯੋਗੇਸ਼ ਖੰਨਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਪਣੇ ਫ਼ੈਸਲਿਆਂ 'ਚ ਬਾਰ ਬਾਰ ਦੁਹਰਾਇਆ ਕਿ ਦੋਸ਼ੀ ਦੀ ਜਵਾਨੀ ਵਾਲੀ ਉਮਰ ਉਸ ਨੂੰ ਮੌਤ ਦੀ ਸਜ਼ਾ ਦੇਣ ਤੋਂ ਰੋਕਣ ਦਾ ਕੋਈ ਕਾਰਨ ਨਹੀਂ ਬਣਦੀ | ਅਦਾਲਤ ਨੇ ਕਿਹਾ ਕਿ ਕਸਾਬ ਦੀ ਜਵਾਨੀ ਵਾਲੀ ਉਮਰ ਹੋਣ ਦੀ ਬਾਵਜੂਦ ਸੁਪਰੀਮ ਕੋਰਟ ਨੇ ਉਸ ਦੀ ਮੌਤ ਦੀ ਦੋ ਵਾਰ ਪੁਸ਼ਟੀ ਕੀਤੀ |
ਦੋਸ਼ੀਆਂ ਦੇ ਪਰਿਵਾਰਾਂ ਨੇ ਮੀਡੀਆ 'ਤੇ ਗੁੱਸਾ ਕੱਢਿਆ
ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਇਕ ਪਾਸੇ ਜਿਥੇ ਆਮ ਜਨਤਾ ਖੁਸ਼ ਹੈ ਉਥੇ ਦੋਸ਼ੀਆਂ ਦੇ ਪਰਿਵਾਰਾਂ ਨੇ ਆਪਣਾ ਗੁੱਸਾ ਅੱਜ ਮੀਡੀਆ 'ਤੇ ਕੱਢਦਿਆਂ ਦੋਸ਼ ਲਗਾਇਆ ਕਿ ਅਦਾਲਤ ਨੇ ਇਹ ਫੈਸਲਾ ਮੀਡੀਆ ਦੇ ਦਬਾਅ ਹੇਠ ਸੁਣਾਇਆ ਹੈ | ਫੈਸਲੇ ਤੋਂ ਬਾਅਦ ਜਦੋਂ ਮੀਡੀਆ ਪੱਖ ਲੈਣ ਲਈ ਦੱਖਣੀ ਦਿੱਲੀ ਦੇ ਰਵੀਦਾਸ ਕੈਂਪ ਵਿਚ ਦੋਸ਼ੀ ਵਿਨੈ ਦੇ ਘਰ ਪਹੁੰਚੇ ਤਾਂ ਵਿਨੈ ਦੀ ਮਾਂ ਚੰਪਾ ਨੇ ਕਿਹਾ ਕਿ ਜੋ ਤੁਸੀ ਚਾਹੁੰਦੇ ਸੀ ਉਹ ਮਿਲ ਗਿਆ ਹੈ, ਹੁਣ ਇਥੇ ਦੁਬਾਰਾ ਨਾ ਆਉਣਾ | ਦੋਸ਼ੀ ਪਵਨ ਦਾ ਪਿਤਾ ਅੱਜ ਸ਼ਾਮ ਆਪਣੇ ਘਰ ਤੋਂ ਬਾਹਰ ਨਿਕਲਿਆ ਅਤੇ ਉਸ ਨੇ ਆਪਣੇ ਬੇਟੇ ਨੂੰ ਬੇਕਸੂਰ ਦੱਸਦਿਆਂ ਅਦਾਲਤ ਨੇ ਮੀਡੀਆ ਦੇ ਦਬਾਅ ਵਿਚ ਇਹ ਫੈਸਲਾ ਸੁਣਾਇਆ ਹੈ | ਇਸ ਦੌਰਾਨ ਪਵਨ ਦੀ ਮਾਤਾ ਇੰਦਰਾ ਦੇਵੀ ਨੇ ਇਹ ਕਹਿੰਦਿਆਂ ਆਪਣਾ ਦਰਵਾਜ਼ਾ ਬੰਦ ਕਰ ਲਿਆ ਕਿ ਮੇਰੇ ਪੁੱਤਰ ਨੂੰ ਫਸਾਉਣ ਲਈ ਮੀਡੀਆ ਹੀ ਦੋਸ਼ੀ ਹੈ |
ਘਿਨਾਉਣੇ ਅਪਰਾਧਾਂ ਲਈ ਇਕ ਮਿਸਾਲ-ਸ਼ਿੰਦੇ
ਓਪਮਾ ਡਾਗਾ ਪਾਰਥ
ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿਦੇ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਪੀੜ੍ਹਤ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਇਸ ਫੈਸਲੇ ਨਾਲ ਔਰਤਾਂ ਖਿਲਾਫ ਅਪਰਾਧਾਂ ਨੂੰ ਠੱਲ੍ਹ ਪਵੇਗੀ |
ਹੋਰਨਾਂ ਲੋਕਾਂ ਨੂੰ ਮਿਲੇਗੀ ਨਸੀਹਤ-ਸੁਸ਼ਮਾ
ਅਦਾਲਤ ਵੱਲੋਂ ਸੁਣਾਏ ਫੈਸਲੇ ਤੋਂ ਬਾਅਦ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਅਦਾਲਤ ਵੱਲੋਂ ਸੁਣਾਏ ਫੈਸਲੇ ਦਾ ਸੁਆਗਤ ਕਰਦੇ ਹੋਏ ਅਤੇ ਅਦਾਲਤ ਦਾ ਫੈਸਲਾ ਅਜਿਹੇ ਦੋਸ਼ੀਆਂ ਖਿਲਾਫ਼ ਇਕ ਮਿਸਾਲ ਦੇ ਤੌਰ ਦੁਨੀਆਂ ਸਾਹਮਣੇ ਆਵੇਗਾ ਅਤੇ ਹੋਰਨਾਂ ਲੋਕਾਂ ਨੂੰ ਨਸੀਹਤ ਮਿਲੇਗੀ |
ਪੀੜਤ ਲੜਕੀ ਦਾ ਆਖਰੀ ਬਿਆਨ
ਦਿੱਲੀ ਸਮੂਹਿਕ ਜ਼ਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਫੰਦੇ ਤੱਕ ਪਹੁੰਚਾਉਣ ਲਈ ਪੀੜਤ ਲੜਕੀ ਦਾ ਆਖਰੀ ਬਿਆਨ ਬਹੁਤ ਮਹੱਤਵਪੂਰਨ ਰਿਹਾ | 21 ਦਸੰਬਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਪੀੜਤ ਲੜਕੀ ਨੇ ਮੈਜਿਸਟ੍ਰੇਟ ਕੋਲ ਬਿਆਨ ਦਰਜ ਕਰਵਾਇਆ :-
''16 ਦਸੰਬਰ ਦੀ ਰਾਤ ਨੂੰ ਉਹ 'ਦ ਲਾਈਫ ਆਫ ਪਾਈ' ਫਿਲਮ ਦੇਖਣ ਤੋਂ ਬਾਅਦ ਆਪਣੇ ਦੋਸਤ ਅਰਵਿੰਦ ਪਾਂਡੇ ਨਾਲ ਦਿੱਲੀ ਦੇ ਸਿਟੀਵਾਕ ਮਾਲ ਨੇੜਿਓਾ ਦਵਾਰਕਾ ਨੂੰ ਜਾਣ ਲਈ ਬੱਸ ਵਿਚ ਸਵਾਰ ਹੋਈ | ਬੱਸ ਵਿਚ ਛੇ-ਸੱਤ ਵਿਅਕਤੀ ਹੋਰ ਸਨ | ਅਸੀਂ ਉਨ੍ਹਾਂ ਨੂੰ ਆਮ ਸਵਾਰੀਆਂ ਹੀ ਸਮਝਿਆ | ਬੱਸ ਕੰਡਕਟਰ ਨੇ ਬੱਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਬੱਸ ਵਿਚ ਲਾਈਟ ਬੁਝਾ ਦਿੱਤੀ | ਇਸ ਤੋਂ ਬਾਅਦ ਉਹ ਮੇਰੇ ਦੋਸਤ ਅਰਵਿੰਦ ਕੋਲ ਗਿਆ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਉਨ੍ਹਾਂ ਉਨ੍ਹਾਂ ਵਿਚੋਂ ਕੁਝ ਨੇ ਮੇਰੇ ਦੋਸਤ ਨੂੰ ਫੜ ਲਿਆ ਅਤੇ ਬਾਕੀ ਮੈਨੂੰ ਬੱਸ ਦੀ ਸਭ ਤੋਂ ਆਖਰੀ ਸੀਟ 'ਤੇ ਲੈ ਗਏ | ਉਨ੍ਹਾਂ ਮੈਨੂੰ ਲੋਹੇ ਦੀ ਰਾਡ ਨਾਲ ਮਾਰਿਆ, ਮੇਰੇ ਕੱਪੜੇ ਪਾੜ ਦਿੱਤੇ ਅਤੇ ਮੇਰੇ ਨਾਲ ਜ਼ਬਰ ਜਨਾਹ ਕੀਤਾ | ਉਨ੍ਹਾਂ ਨੇ ਮੇਰਾ ਮੋਬਾਈਲ ਫੋਨ, ਪਰਸ, ਕ੍ਰੈਡਿਟ ਕਾਰਡ, ਘੜੀ ਅਤੇ ਹੋਰ ਸਮਾਨ ਖੋਹ ਲਿਆ | ਉਹ ਲੋਕ ਇਕ ਘੰਟੇ ਤੱਕ ਮੇਰੇ ਨਾਲ ਜ਼ਬਰ ਜਨਾਹ ਕਰਦੇ ਰਹੇ | ਮੈਂ ਕਾਫੀ ਸਮਾਂ ਬੇਹੋਸ਼ ਰਹੀ ਅਤੇ ਜਦੋਂ ਮੈਨੂੰ ਹੋਸ਼ ਆਉਂਦੀ ਉਹ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ | ਮੇਰਾ ਦੋਸਤ ਕਈ ਵਾਰ ਮੈਨੂੰ ਬਚਾਉਣ ਲਈ ਅੱਗੇ ਵਧਿਆ ਪਰ ਉਨ੍ਹਾਂ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਲੋਹੇ ਦੀ ਰਾਡ ਉਸ ਦੇ ਸਿਰ ਵਿਚ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ | ''
ਪੀੜਤ ਲੜਕੀ ਨੇ ਦੱਸਿਆ ਕਿ ਉਹ ਇਕ ਦੂਜੇ ਨੂੰ ਮੁਕੇਸ਼, ਰਾਮ ਸਿੰਘ, ਰਾਜੂ, ਪਵਨ, ਠਾਕੁਰ ਅਤੇ ਵਿਨੇ ਆਦਿ ਨਾਵਾਂ ਨਾਲ ਬੁਲਾ ਰਹੇ ਸਨ | ਪੀੜ੍ਹਤ ਲੜਕੀ ਨੇ ਇਹ ਵੀ ਦੱਸਿਆ ਕਿ ਬੋਲਚਾਲ ਤੋਂ ਉਹ ਅਨਪੜ੍ਹ ਲੱਗ ਰਹੇ ਸਨ ਅਤੇ ਉਨ੍ਹਾਂ ਦੀ ਭਾਸ਼ਾ ਡਰਾਈਵਰਾਂ ਅਤੇ ਕਲੀਨਰਾਂ ਵਾਲੀ ਸੀ |
ਪੀੜਤਾ ਦੇ ਮਾਤਾ-ਪਿਤਾ ਨੇ ਕਿਹਾ ਸਾਡੀ ਬੇਟੀ ਨੂੰ ਇਨਸਾਫ਼ ਮਿਲਿਆ
ਪੀੜਤ ਲੜਕੀ ਦੇ ਮਾਤਾ ਪਿਤਾ ਨੇ ਅਦਾਲਤ ਦੇ ਫੈਸਲੇ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਮਿਲ ਗਿਆ ਹੈ | ਅੱਜ ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਸਣਾਉਣ ਸਮੇਂ ਪੀੜਤ ਲੜਕੀ ਦੇ ਮਾਤਾ ਪਿਤਾ ਅਦਾਲਤ ਵਿਚ ਮੌਜੂਦ ਸਨ | ਫੈਸਲੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਲੜਕੀ ਦੀ ਮਾਤਾ ਨੇ ਉਨ੍ਹਾਂ ਸਾਰੇ ਲੋਕਾਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦਿੱਤਾ | ਨਾਲ ਹੀ ਮੰਗ ਕੀਤੀ ਕਿ ਇਸ ਮਾਮਲੇ ਦੇ ਪੰਜਵੇਂ ਨਾਬਾਲਗ ਦੋਸ਼ੀ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ |

 

Ad Position 22
No active advertisement
ਪਿਛਲੀ ਖ਼ਬਰ kn ਅਗਲੀ ਖ਼ਬਰ kn
Ad Position 24
No active advertisement