ਇਸਤਾਂਬੁਲ, 2 ਜੂਨ (ਏਜੰਸੀ)-ਰੂਸ ਤੇ ਯੂਕਰੇਨ ਦੇ ਵਫ਼ਦਾਂ ਵਿਚਾਲੇ ਤੁਰਕੀ 'ਚ ਨਵੇਂ ਦੌਰ ਦੀ ਪ੍ਰਤੱਖ ਸ਼ਾਂਤੀ ਗੱਲਬਾਤ ਸਮਾਪਤ ਹੋ ਗਈ | ਬੈਠਕ ਇਕ ਘੰਟਾ ਤੋਂ ਜ਼ਿਆਦਾ ਸਮਾਂ ਚੱਲੀ | ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਤੇ ਰੂਸੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ | ਜ਼ੇਲੈਂਸਕੀ ਨੇ ਲਿûਆਨੀਆ ਦੇ ਵਿਨੀਅਸ 'ਚ ਕਿਹਾ ਕਿ ਦੋਵਾਂ ਪੱਖਾਂ ਨੇ ਤੁਰਕੀ ਜ਼ਰੀਏ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਅਸੀਂ ਨਵੇਂ ਸਿਰੇ ਤੋਂ ਜੰਗਬੰਦੀਆਂ ਦੀ ਅਦਲਾ-ਬਦਲੀ ਦੀ ਤਿਆਰੀ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ 16 ਮਈ ਨੂੰ ਹੋਈ ਪਿਛਲੀ ਗੱਲਬਾਤ ਬਾਅਦ ਦੋਵਾਂ ਪੱਖਾਂ ਦੇ 1000 ਬੰਦੀਆਂ ਦੀ ਅਦਲਾ-ਬਦਲੀ ਹੋਈ ਸੀ | ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਵਫ਼ਦ ਦੀ ਅਗਵਾਈ ਰੱਖਿਆ ਮੰਤਰੀ ਰੁਸਤਮ ਉਮੇਰੋਵ ਨੇ ਕੀਤੀ, ਜਦੋਂ ਕਿ ਰੂਸੀ ਵਫ਼ਦ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਵਲਾਦੀਮੀਰ ਮੇਦੇਂਸਕੀ ਦੀ ਅਗਵਾਈ 'ਚ ਬੈਠਕ 'ਚ ਸ਼ਾਮਿਲ ਹੋਇਆ | ਤੁਰਕੀ ਦੇ ਵਿਦੇਸ਼ ਮੰਤਰੀ ਹਕਨ ਫਿਦਾਨ ਨੇ ਸ਼ਹਿਰ ਦੇ ਸਿਰਾਗਨ ਪੈਲੇਸ 'ਚ ਗੱਲਬਾਤ ਦੀ ਪ੍ਰਧਾਨਗੀ ਕੀਤੀ | ਫਿਦਾਨ ਨੇ ਕਿਹਾ ਕਿ ਗੱਲਬਾਤ ਦਾ ਉਦੇਸ਼ ਦੋਵਾਂ ਪੱਖਾਂ ਦੀ ਜੰਗਬੰਦੀ 'ਤੇ ਚਰਚਾ ਕਰਨਾ ਸੀ | ਦੋਵਾਂ ਪੱਖਾਂ ਨੂੰ ਜੰਗਬੰਦੀ ਸਵੀਕਾਰ ਕਰਨ ਲਈ ਤਿਆਰ ਕਰਨ ਵਾਸਤੇ ਅਮਰੀਕਾ ਦੇ ਯਤਨ ਹੁਣ ਤੱਕ ਨਾਕਾਮ ਰਹੇ ਹਨ | ਇਸ ਵਿਚਾਲੇ ਲਗਭਗ 1000 ਕਿਲੋਮੀਟਰ ਦੇ ਅਗਲੇ ਮੋਰਚਿਆਂ 'ਤੇ ਜ਼ਬਰਦਸਤ ਲੜਾਈ ਜਾਰੀ ਰਹੀ ਤੇ ਦੋਵਾਂ ਪੱਖਾਂ ਨੇ ਇਕ ਦੂਜੇ ਦੇ ਖੇਤਰ 'ਚ ਅੰਦਰ ਜਾ ਕੇ ਹਮਲੇ ਕੀਤੇ |