ਨਵੀਂ ਦਿੱਲੀ, 2 ਜੂਨ (ਮਿਸਰਦੀਪ ਭਾਟੀਆ)-ਦਿੱਲੀ ਜ਼ੋਨ ਦੇ ਰਜਿਤ ਗੁਪਤਾ ਨੇ ਆਈ.ਆਈ.ਟੀ. ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਐਡਵਾਂਸਡ 'ਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ | ਇਸ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਗਏ | ਆਈ. ਆਈ. ਟੀ. ਕਾਨਪੁਰ ਦੇ ਅਧਿਕਾਰੀਆਂ ਅਨੁਸਾਰ, ਜੋ ਕਿ ਇਸ ਵਾਰ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਐਡਵਾਂਸਡ ਲਈ ਸੰਚਾਲਨ ਸੰਸਥਾ ਸੀ, 18 ਮਈ ਨੂੰ ਹੋਈ ਪ੍ਰੀਖਿਆ ਦੇ ਪੇਪਰ 1 ਤੇ 2 ਦੋਵਾਂ 'ਚ ਕੁੱਲ 1,80,422 ਉਮੀਦਵਾਰ ਬੈਠੇ ਸਨ | ਇਕ ਅਧਿਕਾਰੀ ਨੇ ਕਿਹਾ ਕਿ ਪ੍ਰੀਖਿਆ 'ਚ 54378 ਉਮੀਦਵਾਰਾਂ ਨੇ ਯੋਗਤਾ ਪ੍ਰਾਪਤ ਕੀਤੀ, ਜਿਨ੍ਹਾਂ 'ਚੋਂ 9404 ਮਹਿਲਾ ਉਮੀਦਵਾਰ ਹਨ | ਕੋਟਾ ਨਿਵਾਸੀ ਰਜਿਤ ਗੁਪਤਾ, ਜਿਸ ਨੇ 350 'ਚੋਂ 332 ਅੰਕ ਪ੍ਰਾਪਤ ਕੀਤੇ ਹਨ, ਕਾਮਨ ਰੈਂਕ ਲਿਸਟ (ਸੀ.ਆਰ.ਐਲ.) ਚ ਸਭ ਤੋਂ ਉੱਪਰ ਹੈ | ਆਈ.ਆਈ.ਟੀ. ਖੜਗਪੁਰ ਜ਼ੋਨ ਦੀ ਦੇਵਦੱਤਾ ਮਾਝੀ ਸੀ.ਆਰ.ਐਲ. 16 ਨਾਲ ਸਭ ਤੋਂ ਟਾਪ 'ਤੇ ਹੈ | ਉਸ ਨੇ 312 ਅੰਕ ਪ੍ਰਾਪਤ ਕੀਤੇ ਹਨ | ਜੇ.ਈ.ਈ. ਮੇਨਜ਼, ਜੋ ਕਿ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ਲਈ ਦਾਖਲਾ ਪ੍ਰੀਖਿਆ ਹੈ, ਜੇ.ਈ.ਈ. ਐਡਵਾਂਸਡ ਲਈ ਯੋਗਤਾ ਪ੍ਰੀਖਿਆ ਹੈ | ਕੁੱਲ 116 ਵਿਦੇਸ਼ੀ ਉਮੀਦਵਾਰ ਵੀ ਇਸ ਪ੍ਰੀਖਿਆ 'ਚ ਸ਼ਾਮਿਲ ਹੋਏ, ਜਿਨ੍ਹਾਂ 'ਚੋਂ 13 ਨੇ ਯੋਗਤਾ ਪ੍ਰਾਪਤ ਕੀਤੀ ਹੈ | ਚੋਟੀ ਦੇ 100 ਉਮੀਦਵਾਰਾਂ 'ਚੋਂ 31-31 ਬੰਬੇ ਤੇ ਦਿੱਲੀ ਜ਼ੋਨ ਤੋਂ ਹਨ ਜਦਕਿ 23 ਆਈ.ਆਈ.ਟੀ. ਹੈਦਰਾਬਾਦ ਜ਼ੋਨ ਤੋਂ ਹਨ | ਕਾਨਪੁਰ ਜ਼ੋਨ 'ਚ ਚੋਟੀ ਦੇ 100 'ਚ 4 ਉਮੀਦਵਾਰ, ਖੜਗਪੁਰ ਤੋਂ 5 ਤੇ ਰੁੜਕੀ ਤੋਂ 6 ਹਨ | ਰੈਂਕ ਸੂਚੀ 'ਚ ਸ਼ਾਮਿਲ ਕਰਨ ਦੇ ਮਾਪਦੰਡਾਂ ਦੀ ਵਿਆਖਿਆ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਕੁੱਲ ਅੰਕ ਗਣਿਤ, ਭੌਤਿਕ ਵਿਗਿਆਨ ਤੇ ਰਸਾਇਣ ਵਿਗਿਆਨ 'ਚ ਪ੍ਰਾਪਤ ਅੰਕਾਂ ਦਾ ਜੋੜ ਹੈ | ਅਧਿਕਾਰੀ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਨੂੰ ਰੈਂਕ ਸੂਚੀ 'ਚ ਸ਼ਾਮਿਲ ਕਰਨ ਲਈ ਵਿਸ਼ੇ ਅਨੁਸਾਰ ਤੇ ਨਾਲ ਹੀ ਕੁੱਲ ਯੋਗਤਾ ਅੰਕਾਂ ਨੂੰ ਪੂਰਾ ਕਰਨਾ ਪਵੇਗਾ |