ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 3961 ਹੋਈ
ਅਜੀਤ ਡੈਸਕ
03-06-2025
ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)- ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਸੋਮਵਾਰ ਨੂੰ ਇਹ ਅੰਕੜਾ 3961 ਤੱਕ ਪਹੁੰਚ ਗਿਆ ਹੈ | ਸਿਹਤ ਮੰਤਰਾਲੇ ਵਲੋਂ ਦਿੱਤੇ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 203 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 2 ਲੋਕਾਂ ਦੀ ਮੌਤ ਹੋਈ ਹੈ | ਇਸ ਸਮੇਂ ਕੋਰੋਨਾ ਨਾਲ ਜੁੜੇ 3961 ਮਾਮਲੇ ਸਰਗਰਮ ਹਨ | ਸਰਗਰਮ ਮਾਮਲਿਆਂ 'ਚ ਕੇਰਲ 'ਚ 1435, ਮਹਾਰਾਸ਼ਟਰ 'ਚ 506, ਦਿੱਲੀ 'ਚ 483, ਗੁਜਰਾਤ 'ਚ 358 ਮਾਮਲੇ ਸਰਗਰਮ ਹਨ | ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਦੇ ਡਾਇਰੈਕਟਰ ਡਾ. ਰਾਜੀਵ ਨੇ ਕਿਹਾ ਕਿ ਪੱਛਮੀ ਅਤੇ ਦੱਖਣੀ ਖੇਤਰਾਂ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲਗਦਾ ਹੈ ਕਿ ਮੌਜੂਦਾ ਵਾਧਾ ਓਮੀਕਰੋਨ ਦੇ ਸਬ-ਵੈਰੀਐਂਟ ਤੋਂ ਪ੍ਰੇਰਿਤ ਹੈ ਜੋ ਹੁਣ ਕਾਫੀ ਹਲਕੇ ਪ੍ਰਤੀਤ ਹੁੰਦੇ ਹਨ | ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਦੋ ਵਿਅਕਤੀਆਂ 'ਚੋਂ ਇਕ ਕਰਨਾਟਕ ਤੋਂ ਅਤੇ ਇਕ ਕੇਰਲ ਤੋਂ ਸੀ |