ਗੰਗਟੋਕ, 2 ਜੂਨ (ਪੀ.ਟੀ.ਆਈ.)-ਸਿੱਕਮ ਦੇ ਛੱਤੇਨ ਵਿਖੇ ਇਕ ਫ਼ੌਜੀ ਕੈਂਪ 'ਤੇ ਢਿਗਾਂ ਡਿਗਣ ਕਾਰਨ ਫੌਜ ਦੇ 3 ਜਵਾਨਾਂ ਦੀ ਮੌਤ ਹੋ ਗਈ ਤੇ 6 ਜਵਾਨ ਲਾਪਤਾ ਹੋ ਗਏ ਹਨ | ਇਸ ਸੰਬੰਧੀ ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਮੰਗਨ ਜ਼ਿਲ੍ਹੇ ਦੇ ਲਾਚੇਨ ਕਸਬੇ ਨੇੜੇ ਐਤਵਾਰ ਸ਼ਾਮ 7 ਵਜੇ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ | ਅਧਿਕਾਰੀ ਨੇ ਇਕ ਬਿਆਨ 'ਚ ਕਿਹਾ ਕਿ ਖੇਤਰ 'ਚ ਤੇਜ਼ ਤੇ ਲਗਾਤਾਰ ਮੀਂਹ ਤੋਂ ਬਾਅਦ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਕਾਰਨ 3 ਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਹੌਲਦਾਰ ਲਖਵਿੰਦਰ ਸਿੰਘ, ਲਾਂਸ ਨਾਇਕ ਮੁਨੀਸ਼ ਠਾਕੁਰ ਤੇ ਪੋਰਟਰ ਅਭਿਸ਼ੇਕ ਲਖਾਡਾ ਵਜੋਂ ਹੋਈ ਹੈ | ਅਧਿਕਾਰੀ ਨੇ ਕਿਹਾ ਕਿ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 4 ਹੋਰ ਜਵਾਨਾਂ ਨੂੰ ਮਾਮੂਲੀ ਸੱਟਾਂ ਤੋਂ ਬਾਅਦ ਬਚਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਰਾਹਤ ਟੀਮਾਂ ਛੇ ਲਾਪਤਾ ਕਰਮਚਾਰੀਆਂ ਨੂੰ ਲੱਭਣ ਲਈ ਚੁਣੌਤੀਪੂਰਨ ਹਾਲਾਤ 'ਚ 24 ਘੰਟੇ ਕੰਮ ਕਰ ਰਹੀਆਂ ਹਨ | ਰੱਖਿਆ ਅਧਿਕਾਰੀ ਨੇ ਅੱਗੇ ਕਿਹਾ ਕਿ ਫ਼ੌਜ ਨੇ ਹਰ ਜ਼ਰੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ |