ਲੁਧਿਆਣਾ, 2 ਜੂਨ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਦੇ ਹਲਕਾ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖ਼ਰੀ ਦਿਨ ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਆਪਣੀ ਨਾਮਜ਼ਦਗੀ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਦਾਖ਼ਲ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਮੌਜੂਦ ਸਨ | ਇਸ ਤੋਂ ਪਹਿਲਾਂ ਭਾਜਪਾ ਆਗੂਆਂ ਮਨਪ੍ਰੀਤ ਸਿੰਘ ਬਾਦਲ, ਤੀਕਸ਼ਣ ਸੂਦ, ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਚਰਨਜੀਤ ਸਿੰਘ ਅਟਵਾਲ ਵਲੋਂ ਭਾਰਤ ਨਗਰ ਚੌਕ ਕੋਲ ਭਾਜਪਾ ਆਗੂਆਂ ਤੇ ਵਰਕਰਾਂ ਨੰੂ ਸੰਬੋਧਨ ਕੀਤਾ ਗਿਆ | ਉਪਰੰਤ ਭਾਜਪਾ ਆਗੂ ਤੇ ਵਰਕਰ ਰੈਲੀ ਦੇ ਰੂਪ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਪੁੱਜੇ, ਜਿਥੇ ਜੀਵਨ ਗੁਪਤਾ ਵਲੋਂ ਭਾਜਪਾ ਆਗੂਆਂ ਦੀ ਮੌਜੂਦਗੀ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨੰੂ ਸੰਬੋਧਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੰੂ ਚਿਤਾਵਨੀ ਦਿੱਤੀ ਗਈ ਕਿ ਉਹ ਉਕਤ ਚੋਣ ਨੰੂ ਲੈ ਕੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਅਤੇ ਜੇਕਰ ਉਨ੍ਹਾਂ ਨੇ ਉਕਤ ਚੋਣਾਂ ਵਿਚ ਆਪਣਾ ਕੰਮ ਇਮਾਨਦਾਰੀ ਨਾਲ ਨਾ ਕੀਤਾ ਤਾਂ ਉਨ੍ਹਾਂ ਨੰੂ ਫਿਰ ਇਸ ਦੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ 'ਆਪ' ਦੇ ਆਗੂਆਂ ਵਿਚ ਕੇਵਲ ਕੁਰਸੀ ਨੰੂ ਪਾਉਣ ਦੀ ਦੌੜ ਲੱਗੀ ਹੋਈ ਹੈ, ਜਦਕਿ ਉਕਤ ਸੀਟ ਤੋਂ ਵਿਧਾਇਕ ਰਹੇ ਸਵ. ਗੁਰਪ੍ਰੀਤ ਸਿੰਘ ਗੋਗੀ ਦੇ ਪਰਿਵਾਰ ਦੀ 'ਆਪ' ਵਲੋਂ ਕੋਈ ਸਾਰ ਨਹੀਂ ਲਈ ਗਈ | ਕੇਵਲ ਉਨ੍ਹਾਂ ਦੀ ਪਤਨੀ ਨੰੂ ਇਕ ਚੇਅਰਮੈਨੀ ਦੇ ਕੇ ਝੂਠੀ ਜ਼ਿੰਮੇਵਾਰੀ ਨਿਭਾਈ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਮਹਾਂਨਗਰ ਵਿਚ ਜਿੰਨੇ ਵੀ ਫਲਾਈ ਓਵਰ, ਰੇਲਵੇ ਪੁਲ, ਸੜਕਾਂ ਆਦਿ ਬਣੀਆਂ ਹਨ ਤੇ ਲਾਈਟਾਂ ਲੱਗੀਆਂ ਹਨ, ਇਹ ਸਾਰਾ ਕੁੱਝ ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਯੋਜਨਾ ਤਹਿਤ ਕੀਤਾ ਗਿਆ ਹੈ, ਜਦਕਿ 'ਆਪ' ਦੇ ਮੰਤਰੀਆਂ ਵਲੋਂ ਇਸ ਦਾ ਸਿਹਰਾ ਆਪਣੇ ਸਿਰ ਬੰਨਿ੍ਹਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਜ਼ਿਮਨੀ ਚੋਣ ਜਿੱਤ ਕੇ ਭਾਜਪਾ ਸੂਬੇ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਦੀ ਨੀਂਹ ਰੱਖੇਗੀ | ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਹਲਕਾ ਪੱਛਮੀ ਦੇ ਲੋਕਾਂ ਨੰੂ ਉਕਤ ਜ਼ਿਮਨੀ ਚੋਣ ਜ਼ਰੀਏ ਬਦਲਾਅ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਰੂਪ ਵਿਚ 'ਆਪ' ਦੀ ਸਰਕਾਰ ਨੰੂ ਵੀ ਸੂਬੇ ਵਿਚ ਲਿਆ ਕੇ ਦੇਖ ਲਿਆ ਹੈ ਤੇ ਇਸ ਸਰਕਾਰ ਦੇ ਰਾਜ ਵਿਚ ਸੂਬੇ ਵਿਚ ਦਿਨੋ-ਦਿਨ ਵਧ ਰਹੇ ਅਪਰਾਧ, ਭਿ੍ਸ਼ਟਾਚਾਰ, ਨਸ਼ੇ ਤੋਂ ਲੋਕ ਦੁਖੀ ਹਨ ਤੇ ਉਹ ਹੁਣ 'ਆਪ' ਦੀ ਸਰਕਾਰ ਤੋਂ ਵੀ ਮੁਕਤੀ ਪਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੰੂ ਦਿੱਲੀ ਦੀ 'ਆਪ' ਹਾਈਕਮਾਨ ਵਲੋਂ ਹਾਈਜੈਕ ਕਰ ਲਿਆ ਗਿਆ ਹੈ ਤੇ ਪੰਜਾਬ ਵਿਚ 'ਆਪ' ਸਰਕਾਰ ਦਿੱਲੀ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ | ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਟਿਕਟ ਦਿੱਤੇ ਜਾਣ 'ਤੇ ਹਲਕਾ ਪੱਛਮੀ ਦੇ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੰੂ ਮਿਲ ਰਿਹਾ ਹੈ | ਇਸ ਮੌਕੇ ਨਰਿੰਦਰ ਸਿੰਘ ਰੈਣਾ, ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਤੀਕਸ਼ਣ ਸੂਦ, ਜਤਿੰਦਰ ਮਿੱਤਲ, ਕੇਵਲ ਢਿੱਲੋਂ, ਬਿਕਰਮਜੀਤ ਸਿੰਘ ਚੀਮਾ, ਡਾ. ਸੁਭਾਸ਼ ਸ਼ਰਮਾ, ਰਾਕੇਸ਼ ਰਾਠੌਰ, ਪਰਮਿੰਦਰ ਸਿੰਘ ਬਰਾੜ, ਅਨਿਲ ਸਰੀਨ, ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਦਿਨੇਸ਼ ਸਰਪਾਲ, ਪੁਸ਼ਪਿੰਦ ਸਿੰਗਲ, ਪ੍ਰੇਮ ਮਿੱਤਲ, ਨਰਿੰਦਰ ਸਿੰਘ ਮੱਲ੍ਹੀ, ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ, ਹਰਬੰਸ ਲਾਲ ਸਾਬਕਾ ਮੰਤਰੀ, ਕੁਲਦੀਪ ਸਿੰਘ ਫ਼ਤਹਿਗੜ੍ਹ ਅਤੇ ਹੋਰ ਆਗੂ ਮੌਜੂਦ ਸਨ |
ਜਦੋਂ ਬਿੱਟੂ ਨੇ ਸਿਮਰਨਜੀਤ ਸਿੰਘ ਮਾਨ ਦੇ ਪੈਰੀਂ ਹੱਥ ਲਗਾਇਆ
ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਜਦ ਰਵਨੀਤ ਸਿੰਘ ਬਿੱਟੂ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਨੰੂ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਬਾਹਰ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮਿਲੇ, ਜੋ ਕਿ ਆਪਣੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਆਏ ਸਨ | ਜਿਵੇਂ ਹੀ ਬਿੱਟੂ ਦਾ ਸਾਹਮਣਾ ਸਿਮਰਨਜੀਤ ਸਿੰਘ ਮਾਨ ਨਾਲ ਹੋਇਆ ਤਾਂ ਉਨ੍ਹਾਂ ਵਲੋਂ ਮਾਨ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਗਿਆ |
ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਨਾਮਜ਼ਦਗੀ ਦਾਖ਼ਲ <br/>
ਅਜੀਤ ਡੈਸਕ
03-06-2025