ਨਵੀਂ ਦਿੱਲੀ, 2 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਹਵਾਬਾਜ਼ੀ ਖੇਤਰ ਪ੍ਰਮੁੱਖ ਵਿਸ਼ਵ ਕੰਪਨੀਆਂ ਲਈ ਇਕ ਸ਼ਾਨਦਾਰ ਨਿਵੇਸ਼ ਦਾ ਮੌਕਾ ਪ੍ਰਦਾਨ ਕਰਦਾ ਹੈ | ਇਥੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਐਸੋਸੀਏਸ਼ਨ (ਆਈ. ਏ. ਟੀ. ਏ.) ਦੀ ਸਾਲਾਨਾ ਆਮ ਬੈਠਕ (ਏ.ਜੀ.ਐਮ.) ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਦਾ ਟੀਚਾ 2030 ਤੱਕ ਰੱਖ-ਰਖਾਅ, ਮੁਰੰਮਤ ਤੇ ਓਵਰਹਾਲ (ਐਮ. ਆਰ. ਓ.) ਹਿੱਸੇ ਦੇ ਆਕਾਰ ਨੂੰ 4 ਬਿਲੀਅਨ ਅਮਰੀਕੀ ਡਾਲਰ ਤੱਕ ਵਧਾਉਣਾ ਹੈ | ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ 'ਚ ਇਕ ਖੁੱਲ੍ਹਾ ਤੇ ਸਹਾਇਕ ਨੀਤੀਗਤ ਵਾਤਾਵਰਨ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਇਕ ਗਲੋਬਲ ਨਿਰਮਾਣ ਕੇਂਦਰ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਿਵਲ ਹਵਾਬਾਜ਼ੀ ਖੇਤਰ 'ਚ ਵੱਡੇ ਨਿਵੇਸ਼ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਭਾਰਤ ਨੂੰ ਸਿਰਫ਼ ਇਕ ਹਵਾਬਾਜ਼ੀ ਬਾਜ਼ਾਰ ਵਜੋਂ ਹੀ ਨਹੀਂ ਸਗੋਂ ਇਕ ਮੁੱਲ ਲੜੀ ਦੇ ਨੇਤਾ ਵਜੋਂ ਵੀ ਦੇਖੇ | ਸਾਡੀ ਦਿਸ਼ਾ ਸਹੀ ਹੈ, ਸਾਡੀ ਗਤੀ ਸਹੀ ਹੈ...ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਤੇਜ਼ੀ ਨਾਲ ਅੱਗੇ ਵਧਦੇ ਰਹਾਂਗੇ | ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਸ਼ਵ ਪੱਧਰੀ ਹਵਾਈ ਅੱਡਿਆਂ 'ਚ ਨਿਵੇਸ਼ ਕਰ ਰਿਹਾ ਹੈ ਤੇ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧ ਕੇ 162 ਹੋ ਗਈ ਹੈ | ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਨ ਯੋਜਨਾ ਦੀ ਸਫਲਤਾ ਭਾਰਤੀ ਨਾਗਰਿਕ ਹਵਾਬਾਜ਼ੀ 'ਚ ਇਕ ਸੁਨਹਿਰੀ ਅਧਿਆਇ ਹੈ |