ਜਲੰਧਰ, 3 ਜੂਨ (ਅਜੀਤ ਬਿਊਰੋ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਨੂੰ ਮੁੱਖ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਦੋ ਨਵੀਆਂ ਹਫ਼ਤਾਵਾਰੀ ਰੇਲਗੱਡੀਆਂ ਦੀ ਪ੍ਰਵਾਨਗੀ ਨਾਲ ਸੰਪਰਕ ਅਤੇ ਵਿਕਾਸ 'ਚ ਮਹੱਤਵਪੂਰਨ ਵਾਧਾ ਹੋਇਆ ਹੈ | ਇਹ ਨਵੀਆਂ ਰੇਲਗੱਡੀਆਂ ਧਾਰਮਿਕ ਸੈਰ-ਸਪਾਟੇ ਨੂੰ ਮਜ਼ਬੂਤ ਕਰਨਗੀਆਂ ਅਤੇ ਖੇਤਰ ਨੂੰ ਆਰਥਿਕ ਲਾਭ ਪਹੁੰਚਾਉਣਗੀਆਂ | ਪਹਿਲੀ ਰੇਲ ਗੱਡੀ ਫਿਰੋਜ਼ਪੁਰ-ਹਜ਼ੂਰ ਸਾਹਿਬ ਹਫ਼ਤਾਵਾਰੀ ਐਕਸਪ੍ਰੈੱਸ ਹੈ | ਇਹ ਰੇਲਗੱਡੀ ਹਰ ਸ਼ੁੱਕਰਵਾਰ ਫਿਰੋਜ਼ਪੁਰ ਜੰਕਸ਼ਨ ਤੋਂ ਸ੍ਰੀ ਹਜ਼ੂਰ ਸਾਹਿਬ ਤੱਕ ਚੱਲੇਗੀ ਅਤੇ ਲਗਭਗ 38 ਘੰਟਿਆਂ ਵਿਚ 2000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ | ਇਹ ਰੇਲਗੱਡੀ ਪਲਵਲ, ਬੀਨਾ ਜੰਕਸ਼ਨ, ਖੰਡਵਾ ਅਤੇ ਅੰਕਾਈ ਸਮੇਤ ਮੁੱਖ ਸਟੇਸ਼ਨਾਂ 'ਚੋਂ ਲੰਘੇਗੀ | ਦੂਜੀ ਰੇਲਗੱਡੀ ਫਿਰੋਜ਼ਪੁਰ-ਹਰਿਦੁਆਰ ਹਫ਼ਤਾਵਾਰੀ ਐਕਸਪ੍ਰੈੱਸ ਸ਼ੁਰੂ ਕੀਤੀ ਗਈ ਹੈ | ਹਰ ਬੁੱਧਵਾਰ ਨੂੰ ਚੱਲਣ ਵਾਲੀ ਇਹ ਰੇਲਗੱਡੀ ਫਿਰੋਜ਼ਪੁਰ ਜੰਕਸ਼ਨ ਤੋਂ ਹਰਿਦੁਆਰ ਤੱਕ ਯਾਤਰਾ ਕਰੇਗੀ | ਇਹ ਲਗਭਗ 10 ਘੰਟਿਆਂ 'ਚ 445 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ | ਇਸ ਰੂਟ 'ਤੇ ਮੁੱਖ ਸਟੇਸ਼ਨਾਂ 'ਚ ਅੰਬਾਲਾ ਕੈਂਟ ਅਤੇ ਸਹਾਰਨਪੁਰ ਸ਼ਾਮਿਲ ਹਨ | ਬਿੱਟੂ ਨੇ ਕਿਹਾ ਕਿ ਇਹ ਨਵੀਆਂ ਰੇਲ ਸੇਵਾਵਾਂ ਨਾ ਸਿਰਫ਼ ਪੰਜਾਬ ਅਤੇ ਮਹੱਤਵਪੂਰਨ ਅਧਿਆਤਮਿਕ ਕੇਂਦਰਾਂ ਵਿਚਕਾਰ ਸੰਪਰਕ ਨੂੰ ਪ੍ਰਦਾਨ ਕਰਦੀਆਂ ਹਨ, ਸਗੋਂ ਪੂਰੇ ਖੇਤਰ 'ਚ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਵੀ ਕਰਦੀਆਂ ਹਨ |