ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਭਾਜਪਾ ਸੰਸਦ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਵਾਲਾ ਬਹੁ-ਪਾਰਟੀ ਵਫ਼ਦ, ਜਿਸ ਨੇ ਚਾਰ ਪ੍ਰਮੁੱਖ ਮੁਸਲਿਮ ਦੇਸ਼ਾਂ ਦਾ ਦੌਰਾ ਕੀਤਾ ਸੀ, ਮੰਗਲਵਾਰ ਨੂੰ ਭਾਰਤ ਵਾਪਸ ਆ ਗਿਆ | ਉਪਰੰਤ ਵਫ਼ਦ ਵਲੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਇਕ ਮੁਲਾਕਾਤ ਕਰਕੇ ਆਪਣੇ ਦੌਰੇ ਦੀ ਜਾਣਕਾਰੀ ਸਾਂਝੀ ਕੀਤੀ ਗਈ | ਇਹ ਵਫ਼ਦ ਸੱਤ ਬਹੁ-ਪਾਰਟੀ ਵਫ਼ਦਾਂ 'ਚੋਂ ਪਹਿਲਾ ਹੈ, ਜੋ ਭਾਰਤ ਪੁੱਜਾ ਹੈ | ਵਫ਼ਦ ਦੇ ਮੈਂਬਰਾਂ, ਜਿਨ੍ਹਾਂ 'ਚ ਨਿਸ਼ੀਕਾਂਤ ਦੂਬੇ, ਅਸਦੁਦੀਨ ਓਵੈਸੀ, ਗੁਲਾਮ ਨਬੀ ਆਜ਼ਾਦ, ਫੰਗਨੋਨ ਕੋਨਿਆਕ, ਸਤਨਾਮ ਸਿੰਘ ਸੰਧੂ ਤੇ ਸਾਬਕਾ ਕੂਟਨੀਤਿਕ ਹਰਸ਼ ਸ਼ਿੰ੍ਰਗਲਾ ਸ਼ਾਮਿਲ ਹਨ, ਵਲੋਂ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕੀਤਾ ਗਿਆ | ਪਾਂਡਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਕ ਬਹੁਤ ਸਫਲ ਦੌਰਾ ਸੀ, ਕਿਉਂਕਿ ਸਾਰੇ ਦੇਸ਼ਾਂ ਨੇ ਅੱਤਵਾਦ ਵਿਰੁੱਧ ਸਪੱਸ਼ਟ ਸਟੈਂਡ ਲਿਆ ਹੈ | ਉਨ੍ਹਾਂ ਕਿਹਾ ਕਿ ਵਫ਼ਦ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਦੀ ਦੰਡਕਾਰੀ ਫ਼ੌਜੀ ਕਾਰਵਾਈ, ਜਿਸ ਦਾ ਨਾਂਅ 'ਆਪ੍ਰੇਸ਼ਨ ਸੰਧੂਰ' ਹੈ, ਦੇ ਵੇਰਵੇ ਸਾਂਝੇ ਕੀਤੇ |